Punjab

ਬਿੱਟੂ ਦੇ ਬਿਆਨ ’ਤੇ ਭੜਕੇ ਸਾਬਕਾ ਸੀਐਮ ਚੰਨੀ! ‘ਨੀਟੂ ਸ਼ਟਰਾਂਵਾਲਾ ਮੁੱਖ ਮੰਤਰੀ ਬਣ ਸਕਦਾ ਹੈ, ਬਿੱਟੂ ਨਹੀਂ’

ਬਿਉਰੋ ਰਿਪੋਰਟ: ਬਰਨਾਲਾ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਕਰਨ ਪਹੁੰਚੇ ਸਾਬਕਾ ਸੀਐਮ ਅਤੇ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਰਵਨੀਤ ਬਿੱਟੂ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਤੁਲਨਾ ਕਾਮੇਡੀਅਨ ਅਤੇ ਆਜ਼ਾਦ ਚੋਣ ਲੜਨ ਵਾਲੀ ਨੀਟੂ ਸ਼ਟਰਾਂਵਾਲਾ ਨਾਲ ਕਰ ਦਿੱਤੀ। ਜਦੋਂ ਇੱਕ ਪੱਤਰਕਾਰ ਨੇ ਚੰਨੀ ਨੂੰ ਬਿੱਟੂ ਦੇ ਕਿਸਾਨਾਂ ’ਤੇ ਦਿੱਤੇ ਬਿਆਨ ’ਤੇ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਇਹ ਬਿਆਨ ਦਿੱਤਾ।

ਇਸਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਚੁੱਕਾ ਹੈ। ਲੋਕ ਆਮ ਆਦਮੀ ਪਾਰਟੀ ਤੋਂ ਤੰਗ ਆ ਚੁੱਕੇ ਹਨ। ਕਾਂਗਰਸ ਸਰਕਾਰ ਵੇਲੇ ਲੋਕਾਂ ਨੂੰ ਇਨਸਾਫ਼ ਮਿਲਦਾ ਸੀ। ਪਰ ਅੱਜ ਸ਼ਹਿਰਾਂ ਵਿੱਚ ਲੋਕਾਂ ਅਤੇ ਕਾਰੋਬਾਰੀਆਂ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਹਨ। ਪੰਜਾਬ ਦੇ ਵਪਾਰੀਆਂ ਤੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ। ਪਰ ਪੁਲਿਸ ਕਿਸੇ ਦੀ ਨਹੀਂ ਸੁਣ ਰਹੀ।

ਉਨ੍ਹਾਂ ਅੱਗੇ ਕਿਹਾ ਕਿ ਸੂਬੇ ਵਿੱਚ ਨਸ਼ਿਆਂ ਦੀ ਬਹੁਤਾਤ ਹੈ। ਪੰਜਾਬ ਦੀ ਹਰ ਗਲੀ ਗਲੀ ਵਿੱਚ ਨਸ਼ਾ ਵਿਕ ਰਿਹਾ ਹੈ ਪਰ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ। ਲੋਕ ਅੱਜ ਸਰਕਾਰ ਤੋਂ ਨਿਰਾਸ਼ ਹਨ।

ਬਿੱਟੂ ਦੇ ਸਵਾਲ ’ਤੇ ਚੰਨੀ ਨੇ ਕਿਹਾ ਕਿ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਬਿੱਟੂ ਕਿਸੇ ਵੀ ਚੈਨਲ ’ਤੇ ਕਿਸੇ ਵੀ ਸਮੇਂ ਕੁਝ ਵੀ ਕਹਿ ਸਕਦੇ ਹਨ। ਮੈਨੂੰ ਪਤਾ ਲੱਗਾ ਕਿ ਕੱਲ੍ਹ ਬਿੱਟੂ ਨੇ ਮੁੱਖ ਮੰਤਰੀ ਬਣਨ ਦਾ ਬਿਆਨ ਦਿੱਤਾ ਸੀ। ਨੀਤੂ ਸ਼ਟਰਾਂਵਾਲਾ ਮੁੱਖ ਮੰਤਰੀ ਬਣ ਸਕਦੀ ਹੈ, ਬਿੱਟੂ ਨਹੀਂ। ਲੋਕਾਂ ਨੇ ਬਿੱਟੂ ਨੂੰ ਹਰਾ ਕੇ ਭਜਾ ਦਿੱਤਾ ਸੀ।