India

ਸਾਬਕਾ ਮੁੱਖ ਚੋਣ ਕਮਿਸ਼ਨਰ ਐੱਮ. ਐੱਸ. ਗਿੱਲ ਬਾਰੇ ਆਈ ਇਹ ਮੰਦਭਾਗੀ ਖ਼ਬਰ ..

Former chief election commissioner MS Gill dies, brief illness

ਨਵੀਂ ਦਿੱਲੀ: ਸਾਬਕਾ ਮੁੱਖ ਚੋਣ ਕਮਿਸ਼ਨਰ  ਅਤੇ ਕਾਂਗਰਸ ਨੇਤਾ ਮਨੋਹਰ ਸਿੰਘ ਗਿੱਲ ਦਾ ਐਤਵਾਰ ਨੂੰ ਦੱਖਣੀ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ। 86 ਸਾਲ ਦੇ ਐਮ ਐੱਸ ਗਿੱਲ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਹ ਆਪਣੇ ਪਿੱਛੇ ਪਤਨੀ ਅਤੇ ਤਿੰਨ ਧੀਆਂ ਛੱਡ ਗਏ ਹਨ। ਉਹ ਮਨਮੋਹਨ ਸਿੰਘ ਦੀ ਸਰਕਾਰ ਵਿੱਚ ਖੇਡ ਮੰਤਰੀ ਵੀ ਰਹਿ ਚੁੱਕੇ ਸਨ। ਮੀਡੀਆ ਰਿਪੋਰਟ ਮੁਤਾਬਕ ਐਮ ਐੱਸ ਗਿੱਲ ਦਾ ਸਸਕਾਰ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਕੀਤਾ ਜਾਵੇਗਾ।

ਚੋਣ ਕਮਿਸ਼ਨ ਨੇ ਸਾਬਕਾ ਚੀਫ਼ ਕਮਿਸ਼ਨਰ ਡਾ: ਮਨੋਹਰ ਸਿੰਘ ਗਿੱਲ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੀਈਸੀ ਰਾਜੀਵ ਕੁਮਾਰ, ਕਮਿਸ਼ਨਰ ਅਨੂਪ ਚੰਦਰ ਪਾਂਡੇ ਅਤੇ ਅਰੁਣ ਗੋਇਲ ਨੇ ਗਿੱਲ ਦੇ ਦਿਹਾਂਤ ਨੂੰ ਕਮਿਸ਼ਨ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।

ਡਾ: ਗਿੱਲ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਕਦੋਂ ਸਨ?

ਐਮ ਐਸ ਗਿੱਲ ਦਸੰਬਰ 1996 ਤੋਂ 13 ਜੂਨ 2001 ਤੱਕ ਮੁੱਖ ਚੋਣ ਕਮਿਸ਼ਨਰ ਰਹੇ। ਪ੍ਰਸਿੱਧ ਸੀ.ਈ.ਸੀ ਟੀਐਨ ਸ਼ੈਸ਼ਨ ਤੋਂ ਬਾਅਦ ਡਾ: ਗਿੱਲ ਮੁੱਖ ਚੋਣ ਕਮਿਸ਼ਨਰ ਬਣੇ। ਸਾਲ 1998 ਅਤੇ 1999 ਵਿੱਚ 12ਵੀਂ ਅਤੇ 13ਵੀਂ ਲੋਕ ਸਭਾ ਦੀਆਂ ਆਮ ਚੋਣਾਂ ਸਮੇਂ ਡਾ: ਗਿੱਲ ਸੀ.ਈ.ਸੀ. ਵੱਜੋਂ ਤਾਇਨਾਤ ਸਨ।  ਦੇਸ਼ ਦੇ 11ਵੇਂ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਤੋਂ ਇਲਾਵਾ ਡਾ: ਗਿੱਲ ਨੇ ਆਪਣੇ ਕਾਰਜਕਾਲ ਦੌਰਾਨ 20 ਤੋਂ ਵੱਧ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵੀ ਕਰਵਾਈਆਂ।

ਐਮ ਐੱਸ ਗਿੱਲ ਨੂੰ ਸਿਵਲ ਸਰਵੈਂਟ ਵਜੋਂ ਬੇਮਿਸਾਲ ਅਤੇ ਵਿਲੱਖਣ ਸੇਵਾਵਾਂ ਲਈ ਸਾਲ 2000 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਡਾ: ਗਿੱਲ ਨੂੰ ਕਾਂਗਰਸ ਵੱਲੋਂ ਰਾਜ ਸਭਾ ਭੇਜਿਆ ਗਿਆ ਸੀ ਅਤੇ ਉਸ ਤੋਂ ਬਾਅਦ ਯੂ.ਪੀ.ਏ.-1 ਦੀ ਮਨਮੋਹਨ ਸਿੰਘ ਸਰਕਾਰ ਵਿੱਚ ਉਨ੍ਹਾਂ ਨੂੰ ਕੇਂਦਰੀ ਖੇਡ ਮੰਤਰੀ ਬਣਾਇਆ ਗਿਆ ਸੀ।

ਮਲਿਕਾਰਜੁਨ ਖੜਗੇ ਨੇ ਵੀ ਡਾ.ਗਿੱਲ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ

ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਡਾ.ਗਿੱਲ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, “ਸਾਬਕਾ ਕੇਂਦਰੀ ਮੰਤਰੀ, ਪਦਮ ਵਿਭੂਸ਼ਨ, ਮਨੋਹਰ ਸਿੰਘ ਗਿੱਲ ਦੇ ਦਿਹਾਂਤ ਤੋਂ ਡੂੰਘਾ ਦੁੱਖ ਹੋਇਆ ਹੈ। ਉਹ ਯੂ.ਪੀ.ਏ. ਸਰਕਾਰ ਵਿੱਚ ਇੱਕ ਵੱਡਮੁੱਲੇ ਸਹਿਯੋਗੀ ਸਨ ਅਤੇ ਖੇਡਾਂ, ਚੋਣ ਪ੍ਰਕਿਰਿਆ ਅਤੇ ਖੇਤੀਬਾੜੀ ਵਰਗੇ ਵੱਖ-ਵੱਖ ਖੇਤਰਾਂ ਵਿੱਚ ਇੱਕ ਸਿਵਲ ਸਰਵੈਂਟ ਵਜੋਂ ਯੋਗਦਾਨ ਨੂੰ ਕਦੇ ਵੀ ਭੁਲਾ ਨਹੀਂ ਸਕਦੇ।”

ਸਾਬਕਾ ਕੇਂਦਰੀ ਮੰਤਰੀ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ ਖੜਗੇ ਨੇ ਕਿਹਾ, “ਮੈਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ।”