ਲੁਧਿਆਣਾ ਪੁਲਿਸ ਨੇ ਭਾਜਪਾ ਦੇ ਸਾਬਕਾ ਵਿਧਾਇਕ ਮਰਹੂਮ ਹਰੀਸ਼ ਬੇਦੀ ਦੇ ਪੁੱਤਰ ਹਿਤੇਸ਼ ਬੇਦੀ (ਹਨੀ) ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਹਨੀ ਬੇਦੀ ’ਤੇ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਉਸ ਨੇ ਵੋਟ ਪਾਉਣ ਸਮੇਂ ਈਵੀਐਮ ਮਸ਼ੀਨ ਦੀ ਫੋਟੋ ਖਿੱਚੀ ਤੇ ਇਸ ਤੋਂ ਬਾਅਦ ਉਸ ਨੇ ਇਸ ਨੂੰ ਫੇਸਬੁੱਕ ’ਤੇ ਅਪਲੋਡ ਕਰ ਦਿੱਤਾ।
ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਹਿਤੇਸ਼ ਬੇਦੀ ਖ਼ਿਲਾਫ਼ ਲੋਕ ਪ੍ਰਤੀਨਿਧਤਾ ਐਕਟ 1951, 188 ਆਈਪੀਸੀ ਦੀ ਧਾਰਾ 128, 131 ਤਹਿਤ ਕੇਸ ਦਰਜ ਕਰ ਲਿਆ ਹੈ। ਪੀਆਰਓ ਬੂਥ ਨੰਬਰ 142 ਹਲਕਾ-63 ਕੇਂਦਰੀ ਦੇ ਪ੍ਰੀਜ਼ਾਈਡਿੰਗ ਅਫ਼ਸਰ ਕਿਸ਼ੋਰ ਕੁਮਾਰ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਉਹ ਲੋਕ ਸਭਾ ਚੋਣਾਂ ਵਾਲੇ ਦਿਨ 1 ਜੂਨ ਨੂੰ ਡਿਊਟੀ ’ਤੇ ਸਨ।
ਵੋਟਿੰਗ ਕਰਦੇ ਸਮੇਂ ਬੂਥ ਨੰਬਰ 469 ਦੇ ਵੋਟਰ ਹਿਤੇਸ਼ ਬੇਦੀ ਨੇ ਇਸ ਨੂੰ ਪੋਲਿੰਗ ਕਰਮਚਾਰੀਆਂ ਅਤੇ ਪੁਲਿਸ ਤੋਂ ਛੁਪਾ ਕੇ ਮੋਬਾਈਲ ਬੂਥ ਦੇ ਡੱਬੇ ਵਿਚ ਲੈ ਗਿਆ, ਜਿਸ ਤੋਂ ਬਾਅਦ ਉਸ ਨੇ ਬੈਲਟ ਯੂਨਿਟ 1 ਦੀ ਫੋਟੋ ਖਿੱਚ ਕੇ ਆਪਣੇ ਫੇਸਬੁੱਕ ਪੇਜ ’ਤੇ ਸ਼ੇਅਰ ਕੀਤੀ। ਅਜਿਹਾ ਕਰਕੇ ਹਿਤੇਸ਼ ਬੇਦੀ ਨੇ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਜਨਕਪੁਰੀ ਚੌਕੀ ਦੇ ਇੰਚਾਰਜ ਕਪਿਲ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਅਜੇ ਤੱਕ ਹਿਤੇਸ਼ ਬੇਦੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਮੁਲਜ਼ਮ ਗੋਤਮ ਭਸੀਨ ਅਤੇ ਗਗਨਦੀਪ ਖ਼ਿਲਾਫ਼ ਚੋਣ ਕਮਿਸ਼ਨ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਪ੍ਰੀਜ਼ਾਈਡਿੰਗ ਅਫ਼ਸਰ ਤੇਜਪਾਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮ ਗੋਤਮ ਹਲਕਾ ਕੇਂਦਰੀ ਦੇ ਬੂਥ ਨੰਬਰ 35 ਵਿੱਚ ਅਗਰਵਾਲ ਧਰਮਸ਼ਾਲਾ ਨੇੜੇ ਸਾਂਗਲਾ ਵਾਲਾ ਸ਼ਿਵਾਲਾ ਮੰਦਿਰ ਬਾਗੜ ਮੁਹੱਲਾ ਵਿਖੇ ਆਪਣੀ ਵੋਟ ਪਾਉਣ ਆਇਆ ਸੀ।
ਮੁਲਜ਼ਮ ਨੇ ਆਪਣੇ ਮੋਬਾਈਲ ਰਾਹੀਂ ਵੋਟਿੰਗ ਮਸ਼ੀਨ ਦੀ ਵੀਡੀਓ ਬਣਾ ਲਈ। ਅਜਿਹਾ ਕਰਕੇ ਮੁਲਜ਼ਮ ਨੇ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਮੁਲਜ਼ਮ ਗਗਨਦੀਪ ਨੇ ਆਪਣੀ ਵੋਟ ਪਾਉਣ ਸਮੇਂ ਫੋਟੋ ਖਿੱਚੀ। ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।