ਬਿਊਰੋ ਰਿਪੋਰਟ: ਬੀਤੀ ਰਾਤ ਅੰਮ੍ਰਿਤਸਰ ਦੇ ਮਜੀਠਾ ਰੋਡ ’ਤੇ ਰਾਮਨਗਰ ਕਲੋਨੀ ਵਿੱਚ ਇੱਕ ਸਨਸਨੀਖੇਜ਼ ਘਟਨਾ ਵਾਪਰੀ, ਜਿੱਥੇ ਕੁਝ ਅਣਪਛਾਤੇ ਨੌਜਵਾਨਾਂ ਨੇ ਅਕਾਲੀ ਦਲ ਦੇ ਸਾਬਕਾ ਸਰਪੰਚ ਕਮਲ ਦੇ ਘਰ ਦੇ ਬਾਹਰ ਗੋਲ਼ੀਆਂ ਚਲਾਈਆਂ ਅਤੇ ਬੋਤਲਾਂ ਸੁੱਟੀਆਂ ਅਤੇ ਉਸ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਸਰਪੰਚ ਦੇ ਪੁੱਤਰ ਨੂੰ ਗੋਲ਼ੀ ਲੱਗੀ, ਜਿਸਨੂੰ ਗੰਭੀਰ ਹਾਲਤ ਵਿੱਚ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਹਾਸਲ ਜਾਣਕਾਰੀ ਅਨੁਸਾਰ ਹਮਲਾਵਰ ਦੇਰ ਰਾਤ ਕਮਲ ਦੇ ਘਰ ਪਹੁੰਚੇ ਅਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਮਲੇ ਦੌਰਾਨ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨਾਂ ਨੇ ਨਾ ਸਿਰਫ਼ ਗੋਲ਼ੀਆਂ ਚਲਾਈਆਂ ਸਗੋਂ ਬੋਤਲਾਂ ਵੀ ਸੁੱਟੀਆਂ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ।
ਕਮਲ ਨੇ ਦੱਸਿਆ ਕਿ ਪਹਿਲਾਂ ਵੀ ਕੁਝ ਲੋਕ ਉਸਦੇ ਘਰ ਆਏ ਸਨ ਅਤੇ ਉਸਦੇ ਕਿਰਾਏਦਾਰ ਨੂੰ ਧਮਕੀ ਦਿੱਤੀ ਸੀ ਕਿ ਉਹ 20 ਹਜ਼ਾਰ ਰੁਪਏ ਤਿਆਰ ਰੱਖੇ, ਨਹੀਂ ਤਾਂ ਉਹ ਸਾਰਿਆਂ ਨੂੰ ਮਾਰ ਦੇਣਗੇ। ਬੀਤੀ ਰਾਤ ਫਿਰ ਉਹੀ ਮੁਲਜ਼ਮ ਆਏ ਅਤੇ ਉਨ੍ਹਾਂ ਨੇ ਗੋਲ਼ੀਆਂ ਚਲਾਈਆਂ, ਜਿਸ ਵਿੱਚ ਉਸਦਾ ਪੁੱਤਰ ਜ਼ਖ਼ਮੀ ਹੋ ਗਿਆ।