ਅੰਮ੍ਰਿਤਸਰ: ਪਿਛਲੇ ਸਾਲ ਪਾਕਿਸਤਾਨ ਵਿੱਚ ਮਾਰੇ ਗਏ ਪਰਮਜੀਤ ਸਿੰਘ ਪੰਜਵੜ ਦੀ ਤਸਵੀਰ ਕੇਂਦਰੀ ਅਜਾਇਬ ਘਰ ਵਿੱਚ ਲਾਉਣ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪੁਰਾਣੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਪਰਮਜੀਤ ਸਿੰਘ ਪੰਜਵੜ ਦੀ ਤਸਵੀਰ ਕੇਂਦਰੀ ਅਜਾਇਬ ਘਰ ਵਿਚ ਲਾਉਣ ਦੇ ਫੈਸਲੇ ਦੀ ਮੁੜ ਨਜ਼ਰਸਾਨੀ ਕੀਤੀ ਜਾਵੇ ਤੇ ਉਨ੍ਹਾਂ ਦੀ ਤਸਵੀਰ ਕੇਂਦਰੀ ਅਜਾਇਬ ਘਰ ਵਿਚ ਨਾ ਲਗਾਈ ਜਾਵੇ।
ਰਾਜਸਥਾਨ ਦੇ ਸਿੱਖ ਆਗੂ ਤੇ ਫੈਡਰੇਸ਼ਨ ਦੇ ਸਾਬਕਾ ਅਹੁਦੇਦਾਰ ਭਾਈ ਤੇਜਿਦਰਪਾਲ ਸਿਘ ਟਿੰਮਾ ਦੀ ਅਗਵਾਈ ਹੇਠ ਆਏ ਸਿੱਖ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਮੀਡੀਆ ਰਿਪੋਰਟਾਂ ਰਾਹੀਂ ਪਤਾ ਲੱਗਾ ਹੈ ਕਿ ਭਾਈ ਗਜਿੰਦਰ ਸਿੰਘ ਨਮਿੱਤ ਪਾਠ ਦੇ ਭੋਗ ਮੌਕੇ ਜਥੇਦਾਰ ਨੇ ਜਿੱਥੇ ਉਨ੍ਹਾਂ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਲਾਏ ਜਾਣ ਲਈ ਸ਼੍ਰੋਮਣੀ ਕਮੇਟੀ ਨੂੰ ਤਾਕੀਦ ਕੀਤੀ ਉੱਥੇ ਹੀ ਹੋਰ ਸ਼ਖਸੀਅਤਾਂਚ ਹਰਦੀਪ ਸਿੰਘ ਨਿੱਝਰ ਅਤੇ ਪਰਮਜੀਤ ਸਿੰਘ ਪੰਜਵੜ ਸਬੰਧੀ ਵੀ ਇਸੇ ਹੀ ਤਰ੍ਹਾਂ ਦੀ ਤਾਕੀਦ ਸ਼੍ਰੋਮਣੀ ਕਮੇਟੀ ਨੂੰ ਕੀਤੀ ਹੈ।
ਇਸ ਸਬੰਧੀ ਇਨ੍ਹਾਂ ਆਗੂਆਂ ਨੇ ਜਥੇਦਾਰ ਨੂੰ ਕਿਹਾ ਕਿ ਭਾਈ ਗਜਿੰਦਰ ਸਿੰਘ ਤੇ ਹਰਦੀਪ ਸਿੰਘ ਨਿੱਝਰ ਦੀਆਂ ਤਸਵੀਰਾਂ ਸਿੱਖ ਅਜਾਇਬ ਘਰ ਵਿਖੇ ਲਾਏ ਜਾਣ ਦੀ ਗੱਲ ਕਰਨਾ ਜਿੱਥੇ ਸ਼ਲਾਘਾਯੋਗ ਹੈ, ਓਥੇ ਹੀ ਪਰਮਜੀਤ ਸਿੰਘ ਪੰਜਵੜ ਦੀ ਤਸਵੀਰ ਸਿੱਖ ਅਜਾਇਬ ਘਰ ਵਿਖੇ ਲਾਏ ਜਾਣ ਦੀ ਗੱਲ ਕਰਨੀ ਸਮੂਹ ਸਿੱਖ ਜਗਤ ਨੂੰ ਉਜੱਡਪੁਣੇ ਅਤੇ ਜ਼ੋਰ ਜ਼ਬਰ ਦਾ ਰਾਹ ਦਿਖਾਉਣ ਬਰਾਬਰ ਹੈ।
ਆਗੂਆਂ ਨੇ ਕਿਹਾ ਕਿ ਪਰਮਜੀਤ ਸਿੰਘ ਪੰਜਵੜ ਉਹ ਸਖਸ਼ ਹੈਨ ਜਿਨ੍ਹਾਂ ਨੇ ਸੰਘਰਸ ਦੀ ਆੜ ਵਿੱਚ ਸੰਤ ਭਿੰਡਰਾਵਾਲਿਆਂ ਦੇ ਸਾਥੀ ਭਾਈ ਹਰਮਿੰਦਰ ਸਿੰਘ ਸੰਧੂ, ਭਾਈ ਸੁਖਵੰਤ ਸਿੰਘ ਅੱਕਾਂਵਾਲੀ ਤੇ ਭਾਈ ਚਮਕੌਰ ਸਿੰਘ ਵਰਗੇ ਨੌਜਵਾਨ ਸਿੱਖ ਆਗੂਆਂ ਦਾ ਕਤਲ ਕਰ ਕੇ ਇੱਕ ਪਾਸੜ ਭਰਾ ਮਾਰੂ ਕਤਲੋਗਾਰਤ ਨੂੰ ਹਵਾ ਦਿੱਤੀ।
ਆਗੂਆਂ ਨੇ ਕਿਹਾ ਕਿ ਪੰਜਵੜ ਉਸ ਪੰਥਕ ਕਮੇਟੀ ਦੇ ਸਿਰਕੱਢ ਜਰਨੈਲ ਸਨ ਜਿਨ੍ਹਾਂ ਨੇ 1992 ਵਿੱਚ ਬੰਦੂਕ ਦੀ ਨੋਕ ’ਤੇ ਚੋਣਾਂ ਦਾ ਬਾਈਕਾਟ ਕਰਵਾਉਣ ਦਾ ਐਲਾਨ ਕਰਵਾ ਕੇ ਅਤੇ ਚੋਣਾਂ ਲੜਨ ਵਾਲੇ 27 ਦੇ ਕਰੀਬ ਪੰਥਕ ਉਮੀਦਵਾਰ ਕਤਲ ਕਰਕੇ ਕਾਂਗਰਸ ਦੇ ਖੂਨੀ ਪੰਜੇ ਲਈ ਰਾਹ ਸਾਫ ਕੀਤਾ। ਜਿਸ ਮਗਰੋਂ ਬੇਅੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਕਥਿਤ ਤੌਰ ’ਤੇ ਨੌਜਵਾਨ ਸਿੱਖ ਕੌਹ ਕੋਹ ਕੇ ਮਾਰੇ ਸਨ।
ਇਨ੍ਹਾਂ ਸਿੱਖ ਆਗੂਆਂ ਨੇ ਤੱਥਾਂ ਦੀ ਪੜਚੋਲ ਕਰਦੇ ਕੁਝ ਅਹਿਮ ਦਸਤਾਵੇਜ਼ ਵੀ ਆਪਣੇ ਮੰਗ ਪੱਤਰ ਨਾਲ ਨੱਥੀ ਕੀਤੇ ਹਨ। ਮੰਗ ਕੀਤੀ ਹੈ ਕਿ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਪਰਮਜੀਤ ਸਿੰਘ ਪੰਜਵੜ ਦੀ ਤਸਵੀਰ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਕੀਤੀ ਗਈ ਤਾਕੀਦ ਤੇ ਪੁਨਰ ਵਿਚਾਰ ਕੀਤਾ ਜਾਵੇ।