Punjab

ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਦਾ ਦੇਹਾਂਤ, ਸੁਖਬੀਰ ਬਾਦਲ ਨੇ ਸਮੇਤ ਇਨ੍ਹਾਂ ਆਗੂਆਂ ਨੇ ਜਤਾਇਆ ਦੁੱਖ

ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਹਰਦੇਵ ਸਿੰਘ ਮੱਤੇਵਾਲ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਪੁੱਤਰ ਪਵਿੱਤਰ ਸਿੰਘ ਮੱਤੇਵਾਲ ਵੀ ਇੱਕ ਪ੍ਰਸਿੱਧ ਵਕੀਲ ਹੈ। ਹਰਦੇਵ ਸਿੰਘ ਮੱਤੇਵਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਭ ਤੋਂ ਨੇੜਲੇ ਸਾਥੀਆਂ ਵਿੱਚੋਂ ਇੱਕ ਸਨ।

ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਦੇਵ ਸਿੰਘ ਮੱਤੇਵਾਲ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ – ਸਾਬਕਾ ਐਡਵੋਕੇਟ ਜਨਰਲ ਹਰਦੇਵ ਸਿੰਘ ਮੱਤੇਵਾਲ ਦੇ ਦੇਹਾਂਤ ਨਾਲ ਪੰਜਾਬ ਨੇ ਕਾਨੂੰਨ ਦੇ ਖੇਤਰ ਵਿੱਚ ਇੱਕ ਦਿੱਗਜ ਨੂੰ ਗੁਆ ਦਿੱਤਾ ਹੈ। ਮਹੱਤਵਪੂਰਨ ਮਾਮਲਿਆਂ ਵਿੱਚ ਰਾਜ ਦੀ ਨੁਮਾਇੰਦਗੀ ਕਰਨ ਦੀ ਉਨ੍ਹਾਂ ਦੀ ਸਿਆਣਪ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪਵਿੱਤਰ ਸਿੰਘ ਮੱਤੇਵਾਲ ਅਤੇ ਸਮੁੱਚੇ ਮੱਤੇਵਾਲ ਪਰਿਵਾਰ ਨਾਲ ਮੇਰੀਆਂ ਡੂੰਘੀਆਂ ਸੰਵੇਦਨਾਵਾਂ। ਵਾਹਿਗੁਰੂ ਉਨ੍ਹਾਂ ਨੂੰ ਇਸ ਨਾ ਪੂਰਾ ਹੋਣ ਵਾਲੇ ਘਾਟੇ ਨੂੰ ਸਹਿਣ ਦੀ ਤਾਕਤ ਦੇਵੇ।

ਸੰਸਦ ਮੈਂਬਰ ਹਰਸਿਮਰਤ ਕੌਰ ਨੇ ਮੱਤੇਵਾਲ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ

ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ – ਸਾਬਕਾ ਐਡਵੋਕੇਟ ਜਨਰਲ ਹਰਦੇਵ ਸਿੰਘ ਮੱਤੇਵਾਲ ਦਾ ਦੇਹਾਂਤ ਸਮੁੱਚੇ ਕਾਨੂੰਨੀ ਭਾਈਚਾਰੇ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਮੱਤੇਵਾਲ ਸਾਹਿਬ ਨਾ ਸਿਰਫ਼ ਇੱਕ ਸ਼ਾਨਦਾਰ ਵਕੀਲ ਵਜੋਂ ਜਾਣੇ ਜਾਂਦੇ ਸਨ, ਸਗੋਂ ਇੱਕ ਬੁੱਧੀਜੀਵੀ ਅਤੇ ਇੱਕ ਹੁਨਰਮੰਦ ਰਣਨੀਤੀਕਾਰ ਵਜੋਂ ਵੀ ਜਾਣੇ ਜਾਂਦੇ ਸਨ।

ਉਸਦੀ ਕਮੀ ਨੂੰ ਭਰਨਾ ਮੁਸ਼ਕਲ ਹੋਵੇਗਾ। ਪਵਿੱਤਰ ਸਿੰਘ ਮੱਤੇਵਾਲ ਅਤੇ ਸਮੁੱਚੇ ਮੱਤੇਵਾਲ ਪਰਿਵਾਰ ਨਾਲ ਮੇਰੀਆਂ ਦਿਲੋਂ ਸੰਵੇਦਨਾਵਾਂ। ਇਸ ਦੁੱਖ ਦੀ ਘੜੀ ਵਿੱਚ ਅਸੀਂ ਤੁਹਾਡੇ ਨਾਲ ਹਾਂ।

SGPC ਪ੍ਰਧਾਨ ਧਾਮੀ ਨੇ ਜਤਾਇਆ ਦੁੱਖ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਸ. ਹਰਦੇਵ ਸਿੰਘ ਮੱਤੇਵਾਲ ਦੇ ਅਕਾਲ ਚਲਾਣਾ ਕਰ ਜਾਣ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਐਡਵੋਕੇਟ ਹਰਦੇਵ ਸਿੰਘ ਮੱਤੇਵਾਲ ਨੇ ਕਨੂੰਨੀ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ ਅਤੇ ਐਡਵੋਕੇਟ ਜਨਰਲ ਵਜੋਂ ਪੰਜਾਬ ਦੇ ਹਿੱਤਾਂ ਹੱਕਾਂ ਲਈ ਅਹਿਮ ਕਾਰਜ ਕੀਤੇ ਹਨ।

ਧਾਮੀ ਨੇ ਕਿਹਾ ਕਿ ਐਡਵੋਕੇਟ ਹਰਦੇਵ ਸਿੰਘ ਮੱਤੇਵਾਲ ਵੱਲੋਂ ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਡੇਢ ਦਹਾਕੇ ਤੋਂ ਵੱਧ ਨਿਸ਼ਕਾਮ ਤੌਰ ’ਤੇ ਦਿੱਤੀਆਂ ਕਾਨੂੰਨੀ ਸੇਵਾਵਾਂ ਨੂੰ ਵੀ ਭੁੱਲਿਆ ਨਹੀਂ ਜਾ ਸਕਦਾ। ਅਜਿਹੀ ਸ਼ਖ਼ਸੀਅਤ ਦਾ ਅਕਾਲ ਚਲਾਣਾ ਪਰਿਵਾਰ ਅਤੇ ਸਮਾਜ ਲਈ ਵੱਡਾ ਘਾਟਾ ਹੈ।

ਧਾਮੀ ਨੇ ਮੱਤੇਵਾਲ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਾਹਿਗੁਰੂ ਦੇ ਚਰਨਾ ਵਿੱਚ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਚਰਨਾ ਵਿਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ ਨੇ ਵੀ ਐਡਵੋਕੇਟ ਹਰਦੇਵ ਸਿੰਘ ਮੱਤੇਵਾਲ ਦੇ ਅਕਾਲ ਚਲਾਣੇ ’ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਿਛੜੀ ਰੂਹ ਨਮਿਤ ਵਾਹਿਗੁਰੂ ਦੇ ਚਰਨਾ ਵਿਚ ਅਰਦਾਸ ਕੀਤੀ।

ਅਕਾਲੀ ਆਗੂ ਮਜੀਠੀਆ ਨੇ ਵੀ ਪ੍ਰਗਟਾਇਆ ਦੁੱਖ

ਮਜੀਠੀਆ ਨੇ ਵੀ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਸ. ਹਰਦੇਵ ਸਿੰਘ ਮੱਤੇਵਾਲ ਦੇ ਅਕਾਲ ਚਲਾਣਾ ਕਰ ਜਾਣ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਹਰਦੇਵ ਸਿੰਘ ਮੱਤੇਵਾਲ ਦਾ ਸਦੀਵੀਂ ਵਿਛੋੜਾ ਬੇਹੱਦ ਦੁਖਦਾਈ ਹੈ। ਉਹਨਾਂ ਨੇ ਬਤੌਰ ਐਡਵੋਕੇਟ ਜਨਰਲ ਪੰਜਾਬ ਦੀ ਵੱਡੀ ਸੇਵਾ ਕੀਤੀ ਤੇ ਅਨੇਕਾਂ ਵੱਡੇ ਮਾਮਲਿਆਂ ਵਿਚ ਪੰਜਾਬ ਪੱਖੀ ਅਹਿਮ ਭੂਮਿਕਾ ਨਿਭਾਈ। ਮੈਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।