India

ਭਾਰਤੀ ਹਵਾਈ ਸੇਵਾਵਾਂ ਦੀ ਕੀਮਤ ‘ਤੇ ਨਹੀਂ ਚੱਲਣਗੀਆਂ ਵਿਦੇਸ਼ੀ ਉਡਾਣਾਂ : ਪੁਰੀ

‘ਦ ਖ਼ਾਲਸ ਬਿਊਰੋ :- ਵਿਦੇਸ਼ੀ ਹਵਾਈ ਸੇਵਾਵਾਂ ਦੀਆਂ ਉਡਾਣਾਂ ਨੂੰ ਲੈ ਕੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ 8 ਅਕਤੂਬਰ ਨੂੰ ਕਿਹਾ ਕਿ ਇਨ੍ਹਾਂ ਸੇਵਾਵਾਂ ਨੂੰ ਭਾਰਤੀ ਹਵਾਈ ਸੇਵਾਵਾਂ ਦੀ ਕੀਮਤ ’ਤੇ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਲਫਥਾਂਜ਼ਾ ਨੂੰ 30 ਸਤੰਬਰ ਤੋਂ 20 ਅਕਤੂਬਰ ਤੱਕ ਦੀਆਂ ਭਾਰਤ ਤੇ ਜਰਮਨੀ ਵਿਚਾਲੇ ਆਪਣੀਆਂ ਉਡਾਣਾਂ 28 ਸਤੰਬਰ ਨੂੰ ਰੱਦ ਕਰਨੀਆਂ ਪਈਆਂ ਸਨ।

ਦਰਅਸਲ ‘ਚ ਡੀਜੀਸੀਏ ਨੇ ਉਨ੍ਹਾਂ ਤੋਂ ਇਜਾਜ਼ਤ ਵਾਪਸ ਲੈਂਦਿਆਂ ਕਿਹਾ ਸੀ ਕਿ ਜਰਮਨੀ ਦੀ ਯਾਤਰਾ ਕਰਨਾ ਚਾਹੁੰਦੇ ਭਾਰਤੀਆਂ ’ਤੇ ਪਾਬੰਦੀਆਂ ਹਨ ਅਤੇ ਇਸ ਦਾ ਭਾਰਤੀ ਹਵਾਈ ਸੇਵਾਵਾਂ ’ਤੇ ਕਾਫੀ ਮਾੜਾ ਅਸਰ ਪੈ ਰਿਹਾ ਹੈ। ਇਸ ਕਾਰਨ ਲਫਥਾਂਜ਼ਾ ਦੇ ਪੱਖ ’ਚ ਆਵਾਜਾਈ ਦੀ ਨਾਬਰਾਬਰ ਵੰਡ ਹੋ ਰਹੀ ਹੈ। ਪੁਰੀ ਨੇ ਕਿਹਾ, ‘ਇਹ ਮੁੱਦਾ ਵਿਦੇਸ਼ੀ ਹਵਾਈ ਸੇਵਾਵਾਂ ਨੂੰ ਇਜਾਜ਼ਤ ਦੇਣ ਜਾਂ ਨਾ ਦੇਣ ਬਾਰੇ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਇੱਥੇ ਵਿਦੇਸ਼ੀ ਹਵਾਈ ਸੇਵਾਵਾਂ ਚੱਲਣ ਪਰ ਮੈਨੂੰ ਲੱਗਦਾ ਹੈ ਕਿ ਹੁਣ ਸਪੱਸ਼ਟ ਸੁਨੇਹਾ ਦੇਣ ਦਾ ਸਮਾਂ ਆ ਗਿਆ ਹੈ ਕਿ ਇਹ ਭਾਰਤੀ ਹਵਾਈ ਸੇਵਾਵਾਂ ਦੀ ਕੀਮਤ ’ਤੇ ਨਹੀਂ ਕੀਤਾ ਜਾਵੇਗਾ।’