ਅੰਮ੍ਰਿਤਸਰ : Central Industrial Security Force ਨੇ ਪੰਜਾਬ ਦੇ ਅੰਮ੍ਰਿਤਸਰ ਅਤੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ ਲੱਖਾਂ ਰੁਪਏ ਦੀ ਅੰਤਰਰਾਸ਼ਟਰੀ ਕਰੰਸੀ ਜ਼ਬਤ ਕੀਤੀ ਹੈ। ਪੰਜਾਬ ਦੇ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਬਈ ਜਾਣ ਦੀ ਫ਼ਿਰਾਕ ਵਿੱਚ ਇੱਕ ਮਹਿਲਾ ਤਸਕਰ ਨੂੰ CISF ਨੇ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਮਹਿਲਾ ਦੀ ਸੂਹ ‘ਤੇ ਕਸਟਮ ਵਿਭਾਗ ਨੇ ਤਸਕਰੀ ਕਰਨ ਵਾਲੇ ਗਿਰੋਹ ਦੇ ਮੁਖੀ ਨੂੰ ਵੀ ਕਾਬੂ ਕਰ ਲਿਆ ਹੈ। ਦੋਵਾਂ ਨੂੰ ਕੋਰਟ ਵਿੱਚ ਪੇਸ਼ ਕਰ ਕੇ ਕਸਟਮ ਨੇ ਦੋਹਾਂ ਮੁਲਜ਼ਮਾਂ ਦਾ ਦੋ-ਦੋ ਦਿਨ ਦਾ ਰਿਮਾਂਡ ਹਾਸਿਲ ਕਰ ਲਿਆ ਹੈ।
ਕਸਟਮ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਫੜੀ ਗਈ ਮਹਿਲਾ ਅੰਮ੍ਰਿਤਸਰ ਤੋਂ ਏਅਰ ਇੰਡੀਆ ਦੀ ਫਲਾਈਟ ਨੰਬਰ IX-191 ਤੋਂ ਦੁਬਈ ਜਾਣ ਦੀ ਤਿਆਰੀ ਕਰ ਰਹੀ ਸੀ ਪਰ CISF ਦੇ ਮੁਲਾਜ਼ਮਾਂ ਨੂੰ ਉਸ ’ਤੇ ਸ਼ੱਕ ਹੋ ਗਿਆ । ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸਦੀ ਕਮਰ ‘ਤੇ ਬੰਨ੍ਹੇ ਬੈਗ ਵਿੱਚੋਂ ਅਧਿਕਾਰੀਆਂ ਨੂੰ 18-18 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ ਹੋਈ । ਜਿਸ ਵਿੱਚ 4.53 ਲੱਖ ਰੁਪਏ ਦੇ ਪਾਊਂਡ, 7.91 ਲੱਖ ਰੁਪਏ ਦੇ ਆਸਟ੍ਰੇਲੀਅਨ ਡਾਲਰ ਤੇ 4.10 ਲੱਖ ਰੁਪਏ ਦੇ ਯੂਰੋ ਸਨ। CISF ਨੇ ਮਹਿਲਾ ਨੂੰ ਕਸਟਮ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ।
ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਜਦੋਂ ਮਹਿਲਾ ਤੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਉਸ ਨੇ ਗਿਰੋਹ ਦੇ ਮੁੱਖ ਮੈਂਬਰ ਬਾਰੇ ਜਾਣਕਾਰੀ ਦਿੱਤੀ । ਜਿਸ ਨੂੰ ਕਸਟਮ ਵਿਭਾਗ ਨੇ ਏਅਰਪੋਰਟ ‘ਤੇ ਰੋਕ ਲਿਆ । ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਕਸਟਮ ਵਿਭਾਗ ਨੇ ਦੋ ਦਿਨ ਦਾ ਰਿਮਾਂਡ ਹਾਸਿਲ ਕਰ ਲਿਆ ਹੈ। ਦੋਵਾਂ ਮੁਲਜ਼ਮਾਂ ਨੇ ਦੱਸਿਆ ਕਿ ਦੋਵੇਂ ਤਸਕਰੀ ਕਰਨ ਵਾਲੇ ਗਿਰੋਹ ਦਾ ਹਿੱਸਾ ਹੈ । ਹੁਣ ਤੱਕ ਦੋਵੇਂ 2.05 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਅਤੇ ਕਰੀਬ 5 ਕਰੋੜ ਰੁਪਏ ਦੇ ਸੋਨੇ ਦੀ ਤਸਕਰੀ ਦੇਸ਼ ਦੇ ਵੱਖ-ਵੱਖ ਏਅਰਪੋਰਟ ਤੋਂ ਕਰ ਚੁੱਕੇ ਹਨ।