ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਪੰਜਾਬ ਦੇ ਅੰਮ੍ਰਿਤਸਰ ਅਤੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ 1.52 ਕਰੋੜ ਰੁਪਏ ਦੀ ਅੰਤਰਰਾਸ਼ਟਰੀ ਕਰੰਸੀ ਜ਼ਬਤ ਕੀਤੀ ਹੈ। ਡੀਆਰਆਈ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੌਮਾਂਤਰੀ ਹਵਾਈ ਅੱਡਿਆਂ ਤੋਂ ਵਿਦੇਸ਼ੀ ਕਰੰਸੀ ਦੀ ਤਸਕਰੀ ਦੀ ਲੜੀ ਟੁੱਟ ਗਈ ਹੈ।
ਇਨ੍ਹਾਂ ਦੋਵਾਂ ਦੀ ਤਲਾਸ਼ੀ 12 ਨਵੰਬਰ ਨੂੰ ਕੀਤੀ ਗਈ ਸੀ ਅਤੇ ਹੁਣ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 12 ਨਵੰਬਰ ਨੂੰ ਇਨਪੁਟਸ ਤੋਂ ਬਾਅਦ ਡੀਆਰਆਈ ਦੀਆਂ ਵੱਖ-ਵੱਖ ਟੀਮਾਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਭੇਜੀਆਂ ਗਈਆਂ ਸਨ।
ਅੰਮ੍ਰਿਤਸਰ ਹਵਾਈ ਅੱਡੇ ‘ਤੇ ਦੁਬਈ ਜਾ ਰਹੇ ਇਕ ਨੌਜਵਾਨ ਅਤੇ ਔਰਤ ਨੂੰ ਟਰਮੀਨਲ ਦੇ ਅੰਦਰੋਂ 1.08 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਸਮੇਤ ਕਾਬੂ ਕੀਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਦੋਵੇਂ ਯਾਤਰੀ ਸੁਰੱਖਿਆ ਜਾਂਚ ਪਾਸ ਕਰ ਚੁੱਕੇ ਸਨ ਅਤੇ ਇਮੀਗ੍ਰੇਸ਼ਨ ਵੀ ਪਾਸ ਕਰ ਚੁੱਕੇ ਸਨ।
ਇਸ ਮਗਰੋਂ ਡੀਆਰਆਈ ਅੰਮ੍ਰਿਤਸਰ ਦੀ ਸੂਚਨਾ ਦੇ ਆਧਾਰ ’ਤੇ ਚੰਡੀਗੜ੍ਹ ਹਵਾਈ ਅੱਡੇ ’ਤੋਂ ਵੀ ਇੱਕ ਭਾਰਤੀ ਨਾਗਰਿਕ ਨੂੰ 44 ਲੱਖ ਰੁਪਏ ਦੇ ਮੁੱਲ ਦੀ ਵਿਦੇਸ਼ੀ ਕਰੰਸੀ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਭਾਗ ਦੇ ਸੂਤਰਾਂ ਮੁਤਾਬਕ ਇਹ ਕਾਰਵਾਈ ਡੀਆਰਆਈ ਦੇ ਵਧੀਕ ਡਾਇਰੈਕਟਰ ਜਨਰਲ ਨਿਤਿਨ ਸੈਣੀ ਦੇ ਨਿਰਦੇਸ਼ਾਂ ਹੇਠ ਕੀਤੀ ਗਈ ਹੈ। ਬਰਾਮਦ ਕੀਤੀ ਗਈ ਵਿਦੇਸ਼ੀ ਕਰੰਸੀ ਵਿੱਚ ਸਾਊਦੀ ਅਰਬ ਦੇ ਰਿਆਲ, ਕਤਰ ਦੇ ਰਿਆਲ, ਯੂਰੋ ਤੇ ਕੁਵੈਤੀ ਦੀਨਾਰ ਆਦਿ ਸ਼ਾਮਲ ਹਨ।
ਡੀਆਰਆਈ ਨੇ ਅੰਮ੍ਰਿਤਸਰ ਤੋਂ ਫੜੇ ਗਏ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ । ਹੁਣ ਉਨ੍ਹਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਡੀਆਰਆਈ ਨੂੰ ਪਤਾ ਲੱਗਾ ਹੈ ਕਿ ਪੰਜਾਬ ‘ਚ ਵੱਡੇ ਪੱਧਰ ‘ਤੇ ਵਿਦੇਸ਼ੀ ਕਰੰਸੀ ਦੀ ਤਸਕਰੀ ਹੋ ਰਹੀ ਹੈ।
ਜਿਸ ਦੀਆਂ ਤਾਰਾਂ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਰਗੇ ਵੱਡੇ ਸ਼ਹਿਰਾਂ ਨਾਲ ਜੁੜੀਆਂ ਹੋਈਆਂ ਹਨ। ਡੀਆਰਆਈ ਦੀਆਂ ਟੀਮਾਂ ਇਨ੍ਹਾਂ ਤਿੰਨਾਂ ਸ਼ਹਿਰਾਂ ਵਿੱਚ ਕਿਸੇ ਵੇਲੇ ਵੀ ਛਾਪੇਮਾਰੀ ਕਰ ਸਕਦੀਆਂ ਹਨ ਅਤੇ ਤਸਕਰੀ ਨਾਲ ਸਬੰਧਤ ਹੋਰ ਮੁਲਜ਼ਮਾਂ ਨੂੰ ਫੜ ਸਕਦੀਆਂ ਹਨ।