India

75 ਸਾਲਾਂ ਬਾਅਦ ਇਸ ਪਿੰਡ ‘ਚ ਪਹੁੰਚੀ ਸਰਕਾਰੀ ਨੌਕਰੀ, ਖੁਸ਼ੀ ‘ਚ ਕਮਲੇ ਹੋਏ ਲੋਕ

‘ਦ ਖ਼ਾਲਸ ਬਿਊਰੋ : ਬਿਹਾਰ ਦੇ ਇੱਕ ਪਿੰਡ ਵਿੱਚ ਇੱਕ ਨੌਜਵਾਨ ਨੂੰ ਸਰਕਾਰੀ ਨੌਕਰੀ ਮਿਲਣ ਉੱਤੇ ਪੂਰੇ ਪਿੰਡ ਵੱਲੋਂ ਏਨੀ ਖੁਸ਼ੀ ਕਿਉਂ ਮਨਾਈ ਜਾ ਰਹੀ ਹੈ ? ਇਸਦਾ ਕਾਰਨ ਜਾਣਦੇ ਹਾਂ। ਬਿਹਾਰ ਦਾ ਇੱਕ ਅਜਿਹਾ ਪਿੰਡ ਹੈ, ਜਿੱਥੇ ਆਜ਼ਾਦੀ ਤੋਂ ਬਾਅਦ ਇੱਕ ਵੀ ਵਿਅਕਤੀ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ ਪਰ ਹੁਣ ਜਦੋਂ ਪਿੰਡ ਦੇ ਇੱਕ ਨੌਜਵਾਨ ਨੇ ਇਹ ‘ਰਿਕਾਰਡ’ ਤੋੜ ਦਿੱਤਾ ਹੈ ਤਾਂ ਪਿੰਡ ਵਿੱਚ ਜਸ਼ਨ ਦਾ ਮਾਹੌਲ ਹੈ।

ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਕਟਰਾ ਬਲਾਕ ਦੇ ਪਿੰਡ ਸੋਹਾਗਪੁਰ ਵਿੱਚ ਪਹਿਲੀ ਵਾਰ ਇੱਕ ਨੌਜਵਾਨ ਨੂੰ ਸਰਕਾਰੀ ਨੌਕਰੀ ਮਿਲੀ ਹੈ। ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੋਂ ਬਾਅਦ ਵੀ ਪੂਰੇ ਪਿੰਡ ਵਿੱਚ ਕਿਸੇ ਨੂੰ ਵੀ ਸਰਕਾਰੀ ਨੌਕਰੀ ਨਹੀਂ ਮਿਲ ਸਕੀ ਪਰ ਹੁਣ ਪਿੰਡ ਦੇ ਨੌਜਵਾਨ ਰਾਕੇਸ਼ ਕੁਮਾਰ ਨੇ ਇਸ ਮਿੱਥ ਨੂੰ ਤੋੜ ਦਿੱਤਾ ਹੈ ਅਤੇ ਹੁਣ ਉਹ ਸਰਕਾਰੀ ਅਧਿਆਪਕ ਬਣ ਗਿਆ ਹੈ। ਪਰਿਵਾਰ ਅਤੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ।

ਇਸ ਪਿੰਡ ਦੀ ਅਬਾਦੀ 2000 ਦੇ ਕਰੀਬ ਹੈ ਪਰ ਅੱਜ ਤੱਕ ਕੋਈ ਵੀ ਸਰਕਾਰੀ ਮੁਲਾਜ਼ਮ ਬਣਨ ਵਿੱਚ ਕਾਮਯਾਬ ਨਹੀਂ ਹੋਇਆ। ਪਿੰਡ ਦੇ ਮਰਹੂਮ ਰਾਮ ਲਾਲ ਚੌਧਰੀ ਦੇ ਪੁੱਤਰ ਰਾਕੇਸ਼ ਕੁਮਾਰ ਨੇ ਆਪਣੀ ਸੱਚੀ ਲਗਨ ਅਤੇ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ। ਪਿੰਡ ਵਿੱਚ ਪੜ੍ਹਾਈ ਦੀ ਸ਼ੁਰੂਆਤ ਕਰਨ ਤੋਂ ਬਾਅਦ, ਰਾਕੇਸ਼ ਨੇ ਜ਼ਿਲ੍ਹਾ ਦਰਭੰਗਾ ਯੂਨੀਵਰਸਿਟੀ ਤੋਂ ਐਮ.ਕਾਮ ਦੀ ਪੜ੍ਹਾਈ ਕੀਤੀ ਅਤੇ ਫਿਰ ਰਾਜਸਥਾਨ ਤੋਂ ਬੀ.ਐੱਡ ਦੀ ਪ੍ਰੀਖਿਆ ਪਾਸ ਕੀਤੀ।

ਇਸ ਸਫਲਤਾ ਬਾਰੇ ਸੁਣ ਕੇ ਸਥਾਨਕ ਲੋਕ ਬਹੁਤ ਖੁਸ਼ ਹਨ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਆਜ਼ਾਦੀ ਤੋਂ ਬਾਅਦ ਇਹ ਪਹਿਲਾ ਲੜਕਾ ਹੈ ਜਿਸ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਆਪਣੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਇਸ ਨਾਲ ਹੋਰ ਵਿਦਿਆਰਥੀਆਂ ਨੂੰ ਵੀ ਪ੍ਰੇਰਨਾ ਮਿਲੇਗੀ।