ਅੰਮ੍ਰਿਤਸਰ : ਸੂਬੇ ਵਿੱਚ ਹੋ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਲੈ ਕੇ ਪੰਥਕ ਜਥੰਬੇਦੀਆਂ ਨੇ ਅਹਿਮ ਫੈਸਲਾ ਲਿਆ ਹੈ। ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸਾਰੀਆਂ ਸੰਸਥਾਵਾਂ ਨੇ ਵਿਚਕਾਰ ਮੱਤਭੇਦਾਂ ਨੂੰ ਪਾਸੇ ਰੱਖ ਕੇ, ਗੁਰੂ ਸਾਹਿਬ ਦੀ ਸ਼ਾਨ ਨੂੰ ਮੁੱਖ ਰੱਖਦੇ ਹੋਏ ਇਸ ਮਤੇ ਤੇ ਦਸਤਖਤ ਕੀਤੇ ਹਨ।
ਇਸ ਮਤੇ ਵਿੱਚ ਕਿਹਾ ਗਿਆ ਹੈ ਕਿ ਸਿੰਘ ਸਾਹਿਬਾਨ ਜੀਆਂ ਨੂੰ ਸਮੂਹ ਪੰਥ ਦਰਦੀਆਂ ਵੱਲੋਂ, ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ‘ਮਹਾਨ ਮਰਤਬੇ’ ਦੇ ਅਦਬ-ਸਤਿਕਾਰ ਨੂੰ ਅਜੋਕੇ ਮਾਹੌਲ ਵਿੱਚ ਬਹਾਲ ਰੱਖਣ ਲਈ, ਹੁਕਮਨਾਮਾ ਜਾਰੀ ਕਰਨ ਲਈ ਸਨਿਮਰ ਬੇਨਤੀ
ਹੁਣ ਤੱਕ ਸੁੰਨ੍ਹੇ ਗੁਰੂ ਘਰਾਂ ਵਿੱਚ ਹੋ ਚੁੱਕੀਆਂ ਸੈਂਕੜੇ ਬੇਅਦਬੀਆਂ ਤੇ ਮੌਲਗੜ੍ਹ ਘਟਨਾ ਨੂੰ ਧਿਆਨ ‘ਚ ਰੱਖਦੇ ਹੋਏ, ਬੇਅਦਬੀ ਹੋਣ ਤੋਂ ਬਾਅਦ ਸਰੂਪ ਚੁੱਕਣ ਨਾਲੋਂ ਚੰਗਾ ਹੈ ਕਿ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ 24 ਘੰਟੇ, 1 ਵੀ ਤਿਆਰ ਬਰ ਤਿਆਰ ਸੇਵਾਦਾਰ ਦਾ ਪ੍ਰਬੰਧ ਨਹੀਂ ਹੈ, ਉਥੋਂ ਸਰੂਪ ਪਹਿਲਾਂ ਹੀ ਲੈ ਜਾਕੇ, 24 ਘੰਟੇ ਪਹਿਰੇ ਦੀ ਸੇਵਾ ਵਾਲੇ ਅਸਥਾਨ ‘ਤੇ ਸੁਭਾਏਮਾਨ ਕਰ ਦਿੱਤੇ ਜਾਣ । ਪ੍ਰਬੰਧਕਾਂ ਨੂੰ ਸੇਵਾ ਦਾ ਪ੍ਰਬੰਧ ਕਰਨ ਲਈ 1 ਹਫ਼ਤੇ ਦਾ ਸਮਾਂ ਦੇ ਦਿੱਤਾ ਜਾਏ ਜੀ। ਇਹ ਸੇਵਾ ਸੰਗਤਾਂ ਮਿਲਕੇ ਵੀ ਕਰ ਸਕਦੀਆਂ ਹਨ ਜਾਂ ਪੱਕੇ ਪਹਿਰੇਦਾਰ ਵੀ ਰੱਖੇ ਜਾ ਸਕਦੇ ਹਨ ਜੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਲੈ ਕੇ ਵਿਸ਼ਵ ਭਰ ਵਿੱਚ ਵੱਸਦੀ ਸਿੱਖ ਕੌਮ ਦੀਆਂ ਸਾਰੀਆਂ ਸੰਪ੍ਰਦਾਵਾਂ, ਨਿਹੰਗ ਸਿੰਘ ਦਲਾਂ, ਟਕਸਲਾਂ, ਸਮੂਹ ਸੰਤ ਮਹਾਂਪੁਰਸ਼, ਸਮੂਹ ਸਿੱਖ ਮਿਸਸ਼ਨਰੀ ਕਾਲਜਾਂ, ਸ੍ਰੋਮਣੀ ਕਮੇਟੀ ਦੇ ਮੋਲਗੜ੍ਹ ਖੇਤਰ ਮੈਂਬਰ, ਕਥਾਵਾਚਕ, ਵਿਦਵਾਨ, ਪ੍ਰਚਾਰਕ, ਕਵੀਸ਼ਰ ਅਤੇ ਸਿੱਖ ਸਮਾਜ ਦੇ ਹਰ ਵਰਗ ਦੇ ਨੁਮਾਇੰਦਿਆ ਵੱਲੋਂ ਦਸਤਖਤ ਕੀਤਾ ਹੋਇਆ ਬੇਨਤੀ ਰੂਪੀ ਇਹ ਗੁਰਮਤਾ ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਸਿੰਘ ਸਾਹਿਬ ਜੀਆਂ ਨੂੰ ਅਦਬ ਸਹਿਤ ਭੇਟ ਕੀਤਾ ਜਾਏਗਾ|