ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਯਾਨੀ ICMR ਨੇ ਕਿਹਾ ਹੈ ਕਿ ਪੈਕ ਕੀਤੇ ਭੋਜਨ ‘ਤੇ ਲੇਬਲ ਦੇ ਦਾਅਵੇ ਗੁੰਮਰਾਹਕੁੰਨ ਹੋ ਸਕਦੇ ਹਨ। ਸਿਹਤ ਖੋਜ ਸੰਸਥਾ ICMR ਨੇ ਇਹ ਵੀ ਕਿਹਾ ਕਿ ਖਪਤਕਾਰਾਂ ਨੂੰ ਪੈਕ ਕੀਤੇ ਭੋਜਨ ‘ਤੇ ਦਿੱਤੀ ਗਈ ਜਾਣਕਾਰੀ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ, ਤਾਂ ਜੋ ਉਹ ਜਾਣੂ ਹੋ ਸਕਣ ਅਤੇ ਆਪਣੇ ਲਈ ਸਿਹਤਮੰਦ ਭੋਜਨ ਦੀ ਚੋਣ ਕਰ ਸਕਣ।
ਆਈਸੀਐੱਮਆਰ ਨੇ ਇਹ ਵੀ ਕਿਹਾ ਕਿ ‘ਸ਼ੂਗਰ-ਫਰੀ’ ਹੋਣ ਦਾ ਦਾਅਵਾ ਕਰਨ ਵਾਲੀਆਂ ਵਸਤਾਂ ’ਚ ਚਰਬੀ ਦੀ ਮਾਤਰਾ ਵਧ ਹੋ ਸਕਦੀ ਹੈ ਜਦਕਿ ਪੈਕਡ ਫਲਾਂ ਦੇ ਰਸ ’ਚ ਫਲ ਦਾ ਸਿਰਫ਼ 10 ਫ਼ੀਸਦ ਹੀ ਗੁੱਦਾ ਹੋ ਸਕਦਾ ਹੈ। ਹੁਣੇ ਜਿਹੇ ਜਾਰੀ ਕੀਤੇ ਗਏ ਖੁਰਾਕ ਸਬੰਧੀ ਦਿਸ਼ਾ ਨਿਰਦੇਸ਼ਾਂ ’ਚ ਆਈਸੀਐੱਮਆਰ ਨੇ ਕਿਹਾ ਕਿ ਪੈਕੇਟ ਵਾਲੀਆਂ ਖੁਰਾਕੀ ਵਸਤਾਂ ’ਤੇ ਸਿਹਤ ਸਬੰਧੀ ਦਾਅਵੇ ਖਪਤਕਾਰ ਦਾ ਧਿਆਨ ਖਿੱਚਣ ਅਤੇ ਉਨ੍ਹਾਂ ਨੂੰ ਇਸ ਗੱਲ ’ਤੇ ਰਾਜ਼ੀ ਕਰਨ ਲਈ ਕੀਤੇ ਜਾ ਸਕਦੇ ਹਨ ਕਿ ਇਹ ਉਤਪਾਦ ਸਿਹਤ ਦੇ ਲਿਹਾਜ਼ ਨਾਲ ਵਧੀਆ ਹਨ।
ਆਈਸੀਐੱਮਆਰ ਤਹਿਤ ਆਉਣ ਵਾਲੇ ਹੈਦਰਾਬਾਦ ਸਥਿਤ ਕੌਮੀ ਪੋਸ਼ਣ ਸੰਸਥਾਨ (ਐੱਨਆਈਐੱਨ) ਨੇ ਲੋਕਾਂ ਨੂੰ ਲੇਬਲ ਖਾਸ ਕਰਕੇ ਸਮੱਗਰੀ ਅਤੇ ਹੋਰ ਜਾਣਕਾਰੀ ਬਾਰੇ ਧਿਆਨ ਨਾਲ ਪੜ੍ਹਨ ਦੀ ਅਪੀਲ ਕੀਤੀ ਹੈ। ਕੁਝ ਉਦਾਹਰਣਾਂ ਦਿੰਦੇ ਹੋਏ, NIN ਨੇ ਕਿਹਾ ਕਿ ਇੱਕ ਭੋਜਨ ਉਤਪਾਦ ਨੂੰ ‘ਕੁਦਰਤੀ’ ਕਿਹਾ ਜਾ ਸਕਦਾ ਹੈ ਜੇਕਰ ਇਸ ਵਿੱਚ ਰੰਗ, ਸੁਆਦ ਅਤੇ ਨਕਲੀ ਪਦਾਰਥ ਸ਼ਾਮਲ ਨਹੀਂ ਹੁੰਦੇ ਹਨ ਅਤੇ ਘੱਟੋ-ਘੱਟ ਪ੍ਰੋਸੈਸਿੰਗ ਹੁੰਦੀ ਹੈ।
ਇਸ ਤੋਂ ਪਹਿਲਾਂ ਪਿਛਲੇ ਮਹੀਨੇ ਯਾਨੀ ਅਪ੍ਰੈਲ ਵਿੱਚ, ਵਣਜ ਅਤੇ ਉਦਯੋਗ ਮੰਤਰਾਲੇ ਨੇ ਸਾਰੀਆਂ ਈ-ਕਾਮਰਸ ਕੰਪਨੀਆਂ ਨੂੰ ਆਪਣੀਆਂ ਵੈੱਬਸਾਈਟਾਂ ਅਤੇ ਪਲੇਟਫਾਰਮਾਂ ਤੋਂ ‘ਹੈਲਥ ਡਰਿੰਕਸ’ ਦੀ ਸ਼੍ਰੇਣੀ ਤੋਂ ਬੋਰਨਵੀਟਾ ਸਮੇਤ ਸਾਰੇ ਪੀਣ ਵਾਲੇ ਪਦਾਰਥਾਂ ਨੂੰ ਹਟਾਉਣ ਲਈ ਕਿਹਾ ਸੀ। ਅਥਾਰਟੀ ਨੇ ਕਿਸੇ ਵੀ ਪੀਣ ਵਾਲੇ ਪਦਾਰਥ ਦੀ ਵਿਕਰੀ ਵਧਾਉਣ ਲਈ ਹੈਲਥ ਡਰਿੰਕ ਅਤੇ ਐਨਰਜੀ ਡਰਿੰਕ ਵਰਗੇ ਸ਼ਬਦਾਂ ਦੀ ਦੁਰਵਰਤੋਂ ਨਾ ਕਰਨ ਲਈ ਵੀ ਕਿਹਾ ਸੀ।
ਇਹ ਵੀ ਪੜ੍ਹੋ – ਚੰਨੀ ਨੇ ‘ਆਪ’ ‘ਤੇ ਲਾਏ ਗੰਭੀਰ ਦੋਸ਼, ਕਿਹਾ ਵਿਦੇਸ਼ਾਂ ਤੋਂ ਹੋ ਰਹੀ ਹੈ ਫੰਡਿੰਗ, ਕੇਂਦਰ ਦੀ ਜਾਂਚ ਕਰਵਾਓ