ਚੰਡੀਗੜ੍ਹ : ਉੱਤਰੀ ਭਾਰਤ ਧੁੰਦ ਦੀ ਲਪੇਟ ‘ਚ ਹੈ। ਪੰਜਾਬ ਵਿੱਚ ਦਿਨ ਵੇਲੇ ਵੀ ਧੁੰਦ ਪੈਣ ਕਾਰਨ ਕੜਾਕੇ ਦੀ ਠੰਢ ਮਹਿਸੂਸ ਕੀਤੀ ਜਾ ਰਹੀ ਹੈ। ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਸੜਕ, ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ। ਮੌਸਮ ਵਿਭਾਗ ਨੇ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਧੁੰਦ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਆਮ ਵਾਂਗ ਰਹੇਗਾ ਅਤੇ ਸਵੇਰੇ ਧੁੰਦ ਤੋਂ ਬਾਅਦ ਧੁੱਪ ਨਿਕਲੇਗੀ।
ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਧੁੰਦ ਦੀ ਸਥਿਤੀ ਹੋਰ ਵੀ ਖ਼ਰਾਬ ਹੋ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫ਼ਾਜ਼ਿਲਕਾ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫ਼ਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਸੰਘਣੀ ਧੁੰਦ ਪੈ ਰਹੀ ਹੈ। ਸਵੇਰੇ ਇੱਥੇ ਵਿਜ਼ੀਬਿਲਟੀ 25 ਮੀਟਰ ਤੋਂ ਘੱਟ ਹੁੰਦੀ ਹੈ।
ਇਸ ਦੇ ਨਾਲ ਹੀ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸਵੇਰ ਦੀ ਧੁੰਦ ਤੋਂ ਬਾਅਦ ਦੁਪਹਿਰ ਬਾਅਦ ਧੁੱਪ ਨਿਕਲੇਗੀ, ਜਿਸ ਕਾਰਨ ਲੋਕਾਂ ਨੂੰ ਠੰਢ ਤੋਂ ਰਾਹਤ ਮਿਲ ਸਕਦੀ ਹੈ। ਇਸ ਦੇ ਨਾਲ ਹੀ ਹਰਿਆਣਾ ਦੇ 8 ਜ਼ਿਲ੍ਹਿਆਂ ਵਿੱਚ ਧੁੰਦ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿੱਚ ਅੰਬਾਲਾ, ਕੁਰੂਕਸ਼ੇਤਰ, ਕੈਥਲ, ਕਰਨਾਲ, ਸੋਨੀਪਤ, ਪਾਣੀਪਤ, ਸਿਰਸਾ, ਫ਼ਤਿਹਾਬਾਦ ਅਤੇ ਜੀਂਦ ਸ਼ਾਮਲ ਹਨ। ਇੱਥੇ ਵੀ ਵਿਜੀਬਿਲਟੀ 25 ਮੀਟਰ ਦੇ ਕਰੀਬ ਹੈ। ਉੱਥੇ ਹੀ ਚੰਡੀਗੜ੍ਹ ‘ਚ ਸਵੇਰੇ ਧੁੰਦ ਅਤੇ ਦੁਪਹਿਰ ਨੂੰ ਧੁੱਪ ਪੈਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਹਿਮਾਚਲ ‘ਚ ਵੀ ਮੌਸਮ ਬਦਲ ਰਿਹਾ ਹੈ। ਸ਼ਨੀਵਾਰ ਨੂੰ ਕੁੰਜਮ ਦੱਰਾ, ਬਰਾਲਾਚਾ ਦੱਰਾ, ਸ਼ਿੰਕੁਲਾ ਪਾਸ, ਘੇਪਨ ਪੀਕ, ਚੰਦਰਭਾਗਾ ਰੇਂਜ ਸਮੇਤ ਰੋਹਤਾਂਗ ਦੱਰੇ ਦੀਆਂ ਪਹਾੜੀਆਂ ‘ਤੇ ਹਲਕੀ ਬਰਫ਼ਬਾਰੀ ਹੋਈ। ਇਸ ਦੇ ਨਾਲ ਹੀ ਸ਼ਿਮਲਾ ਸਮੇਤ ਕਈ ਮੱਧ ਅਤੇ ਉੱਚ ਪਹਾੜੀ ਇਲਾਕਿਆਂ ‘ਚ 16 ਅਤੇ 17 ਜਨਵਰੀ ਨੂੰ ਬਾਰਸ਼ ਜਾਂ ਬਰਫ਼ਬਾਰੀ ਦਾ ਅਲਰਟ ਹੈ। ਅਜਿਹੇ ‘ਚ ਜੇ ਪਹਾੜਾਂ ‘ਚ ਬਰਫ਼ਬਾਰੀ ਜਾਂ ਬਾਰਸ਼ ਹੁੰਦੀ ਹੈ ਤਾਂ ਇਸ ਦਾ ਅਸਰ ਪੰਜਾਬ-ਹਰਿਆਣਾ ‘ਤੇ ਵੀ ਪਵੇਗਾ।