ਪੰਜਾਬ ਵਿੱਚ ਇਸ ਸਮੇਂ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਮੁਹਾਲੀ, ਫਤਿਹਗੜ੍ਹ ਸਾਹਿਬ, ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਰਗੇ ਕਈ ਜ਼ਿਲ੍ਹਿਆਂ ਵਿੱਚ ਵਿਜ਼ੀਬਿਲਟੀ ਜ਼ੀਰੋ ਤੱਕ ਪਹੁੰਚ ਗਈ ਹੈ, ਜਿਸ ਨਾਲ ਸੜਕਾਂ ‘ਤੇ ਵਾਹਨ ਚਾਲਕਾਂ ਅਤੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਵੇਰੇ ਅਤੇ ਸ਼ਾਮ ਨੂੰ ਧੁੰਦ ਸਭ ਤੋਂ ਵੱਧ ਹੋ ਰਹੀ ਹੈ।ਮੌਸਮ ਵਿਭਾਗ (IMD) ਅਨੁਸਾਰ, ਆਦਮਪੁਰ ਵਿੱਚ ਠੰਡੀ ਲਹਿਰ ਦਰਜ ਕੀਤੀ ਗਈ ਹੈ, ਜਦਕਿ ਅੰਮ੍ਰਿਤਸਰ, ਆਦਮਪੁਰ, ਜਲੰਧਰ, ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਬਹੁਤ ਸੰਘਣੀ ਧੁੰਦ ਵੇਖੀ ਗਈ। ਅੰਮ੍ਰਿਤਸਰ ਅਤੇ ਜਲੰਧਰ ਵਿੱਚ ਵਿਜ਼ੀਬਿਲਟੀ ਜ਼ੀਰੋ ਰਹੀ, ਪਟਿਆਲਾ ਵਿੱਚ 40 ਮੀਟਰ, ਲੁਧਿਆਣਾ ਵਿੱਚ 50 ਮੀਟਰ, ਗੁਰਦਾਸਪੁਰ ਅਤੇ ਬੱਲੋਵਾਲ ਸੌਕਰੀ ਵਿੱਚ 50 ਮੀਟਰ ਅਤੇ ਚੰਡੀਗੜ੍ਹ ਵਿੱਚ ਸਿਰਫ਼ 20 ਮੀਟਰ ਤੱਕ ਘਟ ਗਈ। ਇਸ ਨਾਲ ਰੇਲ ਅਤੇ ਹਵਾਈ ਸੇਵਾਵਾਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।
ਅੱਜ (28 ਦਸੰਬਰ 2025) ਸੂਬੇ ਭਰ ਵਿੱਚ ਸੰਘਣੀ ਧੁੰਦ ਅਤੇ ਠੰਡੀ ਲਹਿਰ ਲਈ ਸੰਤਰੀ ਚੇਤਾਵਨੀ ਜਾਰੀ ਕੀਤੀ ਗਈ ਹੈ। IMD ਨੇ ਉੱਤਰੀ ਭਾਰਤ ਵਿੱਚ 27 ਤੋਂ 29 ਦਸੰਬਰ ਤੱਕ ਸੰਘਣੀ ਧੁੰਦ ਦੀ ਭਵਿੱਖਬਾਣੀ ਕੀਤੀ ਹੈ, ਜੋ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ।
ਚੰਡੀਗੜ੍ਹ ਹਵਾਈ ਅੱਡੇ ‘ਤੇ ਧੁੰਦ ਕਾਰਨ ਕਈ ਉਡਾਣਾਂ ਪ੍ਰਭਾਵਿਤ ਹੋਈਆਂ। ਸਵੇਰੇ 5:20 ਵਜੇ ਮੁੰਬਈ, 7:05 ਵਜੇ ਕੋਲਕਾਤਾ, 8:00 ਵਜੇ ਬੰਗਲੁਰੂ ਅਤੇ 8:20 ਵਜੇ ਮੁੰਬਈ ਲਈ ਜਾਣ ਵਾਲੀਆਂ ਉਡਾਣਾਂ ਦੇਰੀ ਨਾਲ ਚੱਲੀਆਂ ਜਾਂ ਪ੍ਰਭਾਵਿਤ ਹੋਈਆਂ। ਇਸੇ ਤਰ੍ਹਾਂ ਪੁਣੇ (5:55 ਵਜੇ), ਦਿੱਲੀ (7:10 ਵਜੇ), ਬੰਗਲੁਰੂ (7:30 ਵਜੇ) ਅਤੇ ਮੁੰਬਈ (7:45 ਵਜੇ) ਤੋਂ ਆਉਣ ਵਾਲੀਆਂ ਉਡਾਣਾਂ ਵੀ ਦੇਰੀ ਨਾਲ ਪਹੁੰਚੀਆਂ।
IndiGo ਅਤੇ Air India ਵਰਗੀਆਂ ਏਅਰਲਾਈਨਾਂ ਨੇ ਯਾਤਰੀਆਂ ਨੂੰ ਫਲਾਈਟ ਸਟੇਟਸ ਚੈੱਕ ਕਰਨ ਦੀ ਸਲਾਹ ਦਿੱਤੀ ਹੈ। ਆਉਣ ਵਾਲੇ ਦਿਨਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੁਹਾਲੀ ਵਿੱਚ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ ਅਤੇ ਲੁਧਿਆਣਾ ਵਿੱਚ ਵੀ ਠੰਡੀਆਂ ਲਹਿਰਾਂ ਅਤੇ ਧੁੰਦ ਜਾਰੀ ਰਹਿਣ ਦੀ ਉਮੀਦ ਹੈ। ਫਿਰੋਜ਼ਪੁਰ, ਫਰੀਦਕੋਟ, ਮੋਗਾ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ਵੀ ਸੰਘਣੀ ਧੁੰਦ ਪੈ ਸਕਦੀ ਹੈ। ਮੌਸਮ ਖੁਸ਼ਕ ਰਹੇਗਾ, ਪਰ ਠੰਡ ਵਧੇਗੀ।

