Punjab

ਅੰਮ੍ਰਿਤਸਰ ਵਿਚਕਾਰ ਉਡਾਣਾਂ ‘ਚ ਵਾਧੇ ਦਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਸੁਆਗਤ

ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਵਿੱਚ ਅਗਸਤ ਦੇ ਮਹੀਨੇ ਤੋਂ ਮਹੱਤਵਪੂਰਨ ਵਾਧਾ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਭਾਰਤ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਮਲੇਸ਼ੀਆ ਏਅਰਲਾਈਨਜ਼ ਨੇ 1 ਅਗਸਤ ਤੋਂ ਕੁਆਲਾਲੰਪੁਰ ਅਤੇ ਅੰਮ੍ਰਿਤਸਰ ਦਰਮਿਆਨ ਆਪਣੀਆਂ ਹਫ਼ਤੇ ‘ਚ ਚਾਰ ਉਡਾਣਾਂ ਦੀ ਗਿਣਤੀ ਨੂੰ ਰੋਜ਼ਾਨਾ ਕਰ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਮਲੇਸ਼ੀਆ ਏਅਰਲਾਈਨਜ਼ ਦੀਆਂ ਹੁਣ ਰੋਜ਼ਾਨਾਂ ਉਡਾਣਾਂ ਦੇ ਨਾਲ-ਨਾਲ ਏਅਰ ਏਸ਼ੀਆ ਐਕਸ ਦੀਆਂ ਹਫ਼ਤੇ ‘ਚ ਚਾਰ ਅਤੇ ਬੈਟਿਕ ਏਅਰ ਦੀਆਂ ਤਿੰਨ ਉਡਾਣਾਂ ਨਾਲ ਕੁਆਲਾਲੰਪੁਰ ਅਤੇ ਅੰਮ੍ਰਿਤਸਰ ਵਿਚਕਾਰ ਉਪਲੱਬਧ ਸੀਟਾਂ ‘ਚ ਮਹੱਤਵਪੂਰਨ ਵਾਧਾ ਹੋਇਆ ਹੈ। ਪੰਜਾਬ ਦੇ ਯਾਤਰੀਆਂ ਤੋਂ ਇਲਾਵਾ, ਇਹਨਾਂ 28 ਹਫ਼ਤਾਵਾਰੀ ਉਡਾਣਾਂ ਤੋਂ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼, ਜੰਮੂ ਅਤੇ ਹਰਿਆਣਾ ਦੇ ਯਾਤਰੀ ਵੀ ਲਾਭ ਲੈ ਰਹੇ ਹਨ।

ਉਨ੍ਹਾਂ ਨੇ ਕਿਹਾ, “ਅਸੀਂ ਅੰਮ੍ਰਿਤਸਰ, ਪੰਜਾਬ ਅਤੇ ਦੱਖਣ-ਪੂਰਬੀ ਏਸ਼ੀਆ ਦੇ ਪ੍ਰਮੁੱਖ ਸ਼ਹਿਰਾਂ ਵਿਚਕਾਰ ਵਧ ਰਹੇ ਹਵਾਈ ਸੰਪਰਕ ਨੂੰ ਦੇਖ ਕੇ ਬਹੁਤ ਖੁਸ਼ ਹਾਂ। ਉਡਾਣਾਂ ਵਿੱਚ ਵਾਧੇ ਨਾਲ ਸਾਡੇ ਭਾਈਚਾਰੇ ਲਈ ਦਿੱਲੀ ਦੀ ਬਜਾਏ ਸਿੱਧਾ ਪੰਜਾਬ ਪਹੁੰਚਣਾਂ ਹੁਣ ਹੋਰ ਸੁਖਾਲਾ ਹੋ ਗਿਆ ਹੈ।  ਆਸਟ੍ਰੇਲੀਆ ਦੇ ਮੈਲਬੌਰਨ, ਸਿਡਨੀ, ਐਡੀਲੇਡ, ਬ੍ਰਿਸਬੇਨ, ਅਤੇ ਪਰਥ ਅਤੇ ਨਿਊਜ਼ੀਲੈਂਡ ਦੇ ਆਕਲੈਂਡ ਵਰਗੇ ਸ਼ਹਿਰਾਂ ‘ਚ ਵੱਸਦੇ ਪੰਜਾਬੀ ਕੁਆਲਾਲੰਪੁਰ ਵਿਖੇ ਦੋ ਤੋਂ ਤਿੰਨ ਘੰਟੇ ਰੁੱਕ ਕੇ ਵੀ ਸਿਰਫ 15 ਤੋਂ 18 ਘੰਟਿਆਂ ‘ਚ ਪੰਜਾਬ ਲਈ ਆਪਣੀ ਯਾਤਰਾ ਪੂਰੀ ਕਰ ਸਕਦੇ ਹਨ।

ਇਸ ਦੇ ਨਾਲ ਸਿੰਗਾਪੁਰ ਏਅਰਲਾਈਨਜ਼ ਦੀ ਸਹਾਇਕ ਏਅਰਲਾਈਨ ਸਕੂਟ ਵੀ ਯਾਤਰੀਆਂ ਨੂੰ ਸਿੰਗਾਪੁਰ ਅਤੇ ਦੱਖਣ-ਪੂਰਬੀ ਏਸ਼ੀਆ ਨਾਲ ਹਫ਼ਤੇ ‘ਚ ਪੰਜ ਉਡਾਣਾਂ ਨਾਲ ਜੋੜਦੀ ਹੈ। ਇਹਨਾਂ ਸਾਰੀਆਂ ਏਅਰਲਾਈਨਾਂ ਰਾਹੀਂ ਵੱਡੀ ਗਿਣਤੀ ‘ਚ ਸੈਲਾਨੀ ਬਹੁਤ ਹੀ ਘੱਟ ਸਮੇਂ ਅਤੇ ਕਿਰਾਏ ‘ਚ ਬਾਲੀ, ਬੈਂਕਾਕ, ਫੂਕੇਟ, ਵੀਅਤਨਾਮ ਆਦਿ ਵੀ ਆ ਜਾ ਸਕਦੇ ਹਨ।