International

ਪਾਕਿਸਤਾਨ ‘ਚ ਹੜ੍ਹਾਂ ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ ਗਿਣਤੀ 340 ਤੋਂ ਪਾਰ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਪਿਛਲੇ ਦੋ ਦਿਨਾਂ ਤੋਂ ਭਾਰੀ ਮੀਂਹ ਅਤੇ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਜੀਓ ਨਿਊਜ਼ ਅਨੁਸਾਰ, ਹੁਣ ਤੱਕ ਲਗਭਗ 340 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਲੋਕ ਲਾਪਤਾ ਹਨ। ਇਸ ਨੂੰ 2025 ਦੀ ਸਭ ਤੋਂ ਘਾਤਕ ਮਾਨਸੂਨ ਆਫ਼ਤ ਮੰਨਿਆ ਜਾ ਰਿਹਾ ਹੈ।

ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ 21 ਅਗਸਤ ਤੱਕ ਬਾਰਿਸ਼ ਜਾਰੀ ਰਹਿ ਸਕਦੀ ਹੈ, ਜਿਸ ਨਾਲ ਸਥਿਤੀ ਹੋਰ ਵਿਗੜ ਸਕਦੀ ਹੈ। ਪੀਡੀਐਮਏ ਅਨੁਸਾਰ, ਮੌਤਾਂ ਹੜ੍ਹਾਂ ਤੋਂ ਇਲਾਵਾ ਬੱਦਲ ਫਟਣ, ਬਿਜਲੀ ਡਿੱਗਣ, ਜ਼ਮੀਨ ਖਿਸਕਣ ਅਤੇ ਘਰਾਂ ਦੇ ਢਹਿਣ ਕਾਰਨ ਵੀ ਹੋਈਆਂ ਹਨ। ਭਾਰੀ ਮੀਂਹ ਨੇ ਖੇਤ, ਬਾਗ਼ ਅਤੇ ਸੜਕਾਂ ਨੂੰ ਤਬਾਹ ਕਰ ਦਿੱਤਾ ਹੈ, ਜਦਕਿ ਬੁਨਿਆਦੀ ਢਾਂਚੇ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।

ਪਾਕਿਸਤਾਨ ਤੋਂ ਇਲਾਵਾ, ਭਾਰਤ ਅਤੇ ਨੇਪਾਲ ਦੇ ਕੁਝ ਹਿੱਸਿਆਂ ਵਿੱਚ ਵੀ ਹੜ੍ਹਾਂ ਅਤੇ ਬਾਰਿਸ਼ ਨੇ ਨੁਕਸਾਨ ਕੀਤਾ ਹੈ। ਸਥਾਨਕ ਪ੍ਰਸ਼ਾਸਨ ਅਤੇ ਫੌਜ ਦੀਆਂ ਟੀਮਾਂ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ, ਪਰ ਟੁੱਟੀਆਂ ਸੜਕਾਂ ਅਤੇ ਲਗਾਤਾਰ ਮੀਂਹ ਨੇ ਰਾਹਤ ਕਾਰਜਾਂ ਵਿੱਚ ਮੁਸ਼ਕਲਾਂ ਵਧਾਈਆਂ ਹਨ।