Punjab

ਲੁਧਿਆਣਾ ਵਿੱਚ ਹੜ੍ਹ ਦਾ ਖ਼ਤਰਾ ਵਧਿਆ, ਸਤਲੁਜ ਦਾ ਪਹਿਲਾ ਬੰਨ੍ਹ ਟੁੱਟਿਆ, ਦੂਜੇ ਦਾ ਹੋ ਰਿਹਾ ਕਟਾਅ

ਬਿਊਰੋ ਰਿਪੋਰਟ (ਲੁਧਿਆਣਾ, 6 ਸਤੰਬਰ 2025): ਪੰਜਾਬ ਵਿੱਚ ਹੜ੍ਹ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ਸਮੇਂ ਲੁਧਿਆਣਾ ਵਿੱਚ ਹੜ੍ਹ ਦਾ ਖ਼ਤਰਾ ਬਣਿਆ ਹੋਇਆ ਹੈ। ਸ਼ੁੱਕਰਵਾਰ ਅੱਧੀ ਰਾਤ ਨੂੰ ਇੱਥੇ ਸਤਲੁਜ ਦਰਿਆ ’ਤੇ ਪਿੰਡ ਸਸਰਾਲੀ ਵਿੱਚ ਬਣਿਆ ਬੰਨ੍ਹ ਟੁੱਟ ਗਿਆ, ਜਿਸ ਕਾਰਨ ਪਾਣੀ ਖੇਤਾਂ ਵਿੱਚ ਵੜ ਗਿਆ।

ਆਬਾਦੀ ਵੱਲ ਵਧਦੇ ਪਾਣੀ ਦੇ ਵਹਾਵ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਫੌਜ ਅਤੇ ਐਨਡੀਆਰਐਫ ਦੀ ਮਦਦ ਨਾਲ ਰਿੰਗ ਬੰਨ੍ਹ ਬਣਾਇਆ ਸੀ ਪਰ ਹੁਣ ਉਸ ਵਿੱਚ ਵੀ ਕਟਾਅ ਆਉਣਾ ਸ਼ੁਰੂ ਹੋ ਗਿਆ ਹੈ। ਇਸ ਨੂੰ ਦੇਖਦੇ ਹੋਏ ਹੁਣ ਤੀਜਾ ਬੰਨ੍ਹ ਬਣਾਇਆ ਜਾ ਰਿਹਾ ਹੈ।

ਜੇ ਇੱਥੋਂ ਹੜ੍ਹ ਦਾ ਪਾਣੀ ਹੋਰ ਵਧਿਆ ਤਾਂ 14 ਪਿੰਡਾਂ ਦੇ ਨਾਲ-ਨਾਲ ਰਾਹੋਂ ਰੋਡ ਤੋਂ ਸਮਰਾਲਾ ਚੌਂਕ ਤੱਕ ਪਾਣੀ ਦੇ ਘਿਰਾਓ ਵਿੱਚ ਆ ਸਕਦਾ ਹੈ। ਹਾਲਾਤ ਗੰਭੀਰ ਵੇਖਦਿਆਂ ਡਿਪਟੀ ਕਮਿਸ਼ਨਰ ਹਿਮਾਂਸ਼ੁ ਜੈਨ ਖੁਦ ਲੋਕਾਂ ਨਾਲ ਮਿਲ ਕੇ ਮਿੱਟੀ ਨਾਲ ਭਰੀਆਂ ਬੋਰੀਆਂ ਚੁੱਕਦੇ ਵੇਖੇ ਗਏ।

ਸਤਲੁਜ ਦਰਿਆ ਤੋਂ ਹੜ੍ਹ ਦੇ ਖਤਰੇ ਨੂੰ ਵੇਖਦਿਆਂ ਲੋਕ ਕੱਲ੍ਹ ਤੋਂ ਹੀ ਪਿੰਡ ਖ਼ਾਲੀ ਕਰਨ ਵਿੱਚ ਲੱਗੇ ਹੋਏ ਹਨ। ਇਸਦੇ ਨਾਲ ਹੀ ਫੌਜ ਦੀਆਂ ਟੀਮਾਂ ਲਗਾਤਾਰ ਇੱਥੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਹਨ।