Punjab

ਪੰਜਾਬ ਦੇ 9 ਜ਼ਿਲ੍ਹਿਆਂ ’ਚ ਹੜ੍ਹ, ਮੀਂਹ ਕਾਰਨ ਘਰ ’ਚ ਫੈਲਿਆ ਕਰੰਟ, ਦੋ ਸਕੇ ਭਰਾਵਾਂ ਦੀ ਮੌਤ

ਬਿਊਰੋ ਰਿਪੋਰਟ (ਚੰਡੀਗੜ੍ਹ, 1 ਸਤੰਬਰ 2025): ਪੰਜਾਬ ਦੇ 9 ਜ਼ਿਲ੍ਹੇ ਹੜ੍ਹ ਦੀ ਚਪੇਟ ਵਿੱਚ ਹਨ। ਇਨ੍ਹਾਂ ਵਿੱਚ ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ, ਤਰਨਤਾਰਨ, ਹੁਸ਼ਿਆਰਪੁਰ, ਮੋਗਾ, ਗੁਰਦਾਸਪੁਰ ਅਤੇ ਬਰਨਾਲਾ ਸ਼ਾਮਲ ਹਨ। ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ 1312 ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋ ਚੁੱਕੇ ਹਨ।

ਇਸ ਸਬੰਧੀ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕੀਤੀ। ਸ਼ਾਹ ਨੇ ਭਰੋਸਾ ਦਿੱਤਾ ਕਿ ਹੜ੍ਹ ਨਾਲ ਨਜਿੱਠਣ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ।

ਸੋਮਵਾਰ ਸ਼ਾਮ ਸਾਢੇ ਚਾਰ ਵਜੇ ਲੁਧਿਆਣਾ ਦੇ ਨਿਊ ਪੁਨੀਤ ਦੀ ਨਗਰ ਗਲੀ ਨੰਬਰ 4 ਵਿੱਚ ਮੀਂਹ ਕਾਰਨ ਅਚਾਨਕ ਇੱਕ ਘਰ ਦੀ ਛੱਤ ਡਿੱਗ ਗਈ। ਇਸ ਨਾਲ ਘਰ ਹੇਠਾਂ ਖੇਡ ਰਿਹਾ 8 ਸਾਲਾ ਵਿਕਾਸ ਮੌਤ ਦਾ ਸ਼ਿਕਾਰ ਹੋ ਗਿਆ। ਇਸੇ ਤਰ੍ਹਾਂ ਮਾਨਸਾ ਵਿੱਚ ਐਤਵਾਰ ਦੇਰ ਰਾਤ ਕੱਚੇ ਮਕਾਨ ਦੀ ਛੱਤ ਡਿੱਗਣ ਨਾਲ ਬਲਜੀਤ ਸਿੰਘ (35) ਅਤੇ ਉਸ ਦਾ 10 ਸਾਲਾ ਭਤੀਜਾ ਗੁਰਜੋਤ ਸਿੰਘ ਮਾਰੇ ਗਏ। ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਹੜ੍ਹ ਵਿੱਚ ਕੁੱਲ 29 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਉੱਥੇ ਹੀ, ਲੁਧਿਆਣਾ ਦੇ ਪਿੰਡ ਸੰਗੋਵਾਲ ਵਿੱਚ ਦੋ ਭਰਾਵਾਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਪਹਿਲਾਂ ਛੋਟੇ ਭਰਾ ਨੂੰ ਕਰੰਟ ਲੱਗਾ, ਫਿਰ ਉਸ ਨੂੰ ਬਚਾਉਣ ਗਿਆ ਵੱਡਾ ਭਰਾ ਵੀ ਕਰੰਟ ਦੀ ਚਪੇਟ ਵਿੱਚ ਆ ਗਿਆ। ਮ੍ਰਿਤਕਾਂ ਦੀ ਪਹਿਚਾਣ ਤੇਜਵੰਤ ਸਿੰਘ ਅਤੇ ਮਨਜੋਤ ਸਿੰਘ ਵਜੋਂ ਹੋਈ ਹੈ।

ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ 1680 ਫੁੱਟ ਤੋਂ ਸਿਰਫ਼ 6 ਫੁੱਟ ਘੱਟ ਰਹਿ ਗਿਆ ਹੈ। ਇਸ ਕਰਕੇ ਡੈਮ ਦੇ ਫਲੱਡ ਗੇਟ 4-4 ਫੁੱਟ ਤੱਕ ਖੋਲ੍ਹ ਦਿੱਤੇ ਗਏ ਹਨ। ਇਸੇ ਦੌਰਾਨ ਹੁਸ਼ਿਆਰਪੁਰ ਵਿੱਚ ਸਤਲੁਜ ਦਰਿਆ ਦਾ ਪਾਣੀ ਵੱਧ ਰਿਹਾ ਹੈ।

ਲੁਧਿਆਣਾ ਦੇ ਚੌੜਾ ਬਜ਼ਾਰ ਵਿੱਚ ਜ਼ਰਜ਼ਰ ਇਮਾਰਤ ਢਹਿ ਗਈ। ਇਸ ਨਾਲ ਇੱਕ ਮਕਾਨ ਦੀ ਕੰਧ 4 ਗੱਡੀਆਂ ਉੱਪਰ ਡਿੱਗ ਪਈ। ਕਪੂਰਥਲਾ ਵਿੱਚ ਵੀ 80 ਸਾਲ ਪੁਰਾਣੀ ਇਮਾਰਤ ਡਿੱਗ ਗਈ ਜਿਸ ਨਾਲ ਇਲਾਕੇ ਵਿੱਚ ਬਿਜਲੀ ਗੁੱਲ ਹੋ ਗਈ ਅਤੇ ਕੁਝ ਵਾਹਨ ਵੀ ਨੁਕਸਾਨੀ ਹੋਏ ਹਨ।

ਇਸੇ ਤਰ੍ਹਾਂ, ਸੁਖਨਾ ਲੇਕ ਤੋਂ ਵੀ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਜਿਸ ਕਾਰਨ ਘੱਗਰ ਦਰਿਆ ਦਾ ਪਾਣੀ ਵੱਧ ਗਿਆ ਹੈ। ਇਸ ਤੋਂ ਬਾਅਦ ਜ਼ੀਰਕਪੁਰ ਅਤੇ ਪਟਿਆਲਾ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਅੰਮ੍ਰਿਤਸਰ ਦੇ ਅਜਨਾਲਾ ਵਿੱਚ ਵੀ ਰਾਵੀ ਦਰਿਆ ਦਾ ਪਾਣੀ ਲਗਾਤਾਰ ਵੱਧ ਰਿਹਾ ਹੈ।