Punjab

ਪੰਜਾਬ ਦੇ 6 ਜ਼ਿਲ੍ਹੇ ਹੜ੍ਹ ਦੀ ਚਪੇਟ ’ਚ: ਫਿਰੋਜ਼ਪੁਰ ਦੇ 12 ਪਿੰਡ ਡੁੱਬੇ, ਭਾਖੜਾ-ਪੋਂਗ ਡੈਮ ਤੋਂ ਪਾਣੀ ਛੱਡਿਆ, NDRF ਤਾਇਨਾਤ

ਬਿਊਰੋ ਰਿਪੋਰਟ: ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਤੇਜ਼ ਬਾਰਿਸ਼ ਦਾ ਅਸਰ ਪੰਜਾਬ ’ਤੇ ਵੀ ਪਿਆ ਹੈ। ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਅੱਜ ਹੁਸ਼ਿਆਰਪੁਰ ਦੇ ਬਾਹੋਬਾਲ ਚੌਰ ਵਿੱਚ ਪਾਣੀ ਭਰ ਜਾਣ ਕਾਰਨ ਇੱਕ ਕਾਰ ਰੁੜ੍ਹ ਗਈ।

ਡਰਾਈਵਰ ਨੇ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਪਿੰਡ ਵਾਸੀਆਂ ਦੀ ਮਦਦ ਨਾਲ ਉਹ ਸੁਰੱਖਿਅਤ ਬਾਹਰ ਆ ਗਿਆ ਤੇ ਕਾਰ ਨੂੰ ਰੱਸੀਆਂ ਦੀ ਮਦਦ ਨਾਲ ਕੱਢਿਆ ਗਿਆ।

ਇਸੇ ਦੌਰਾਨ ਸਤਲੁਜ ਦਰਿਆ ’ਤੇ ਪਾਕਿਸਤਾਨ ਵਿੱਚ ਬਣੇ ਕੱਚੇ ਬੰਨ੍ਹ ਦੇ ਟੁੱਟਣ ਨਾਲ ਫਿਰੋਜ਼ਪੁਰ ਦੇ 12 ਪਿੰਡਾਂ ਵਿੱਚ ਪਾਣੀ ਭਰ ਗਿਆ। ਗੱਟੀ ਰਾਜੋਕੇ ਪਿੰਡ ਦੇ ਖੇਤ ਡੁੱਬ ਗਏ ਤੇ ਪਾਣੀ BSF ਦੇ ਚੈਕਪੋਸਟ ਤੱਕ ਪਹੁੰਚ ਗਿਆ। ਪਠਾਨਕੋਟ ਦੇ ਕਈ ਹਿੱਸਿਆਂ ’ਚ ਵੀ ਭਾਰੀ ਬਾਰਿਸ਼ ਹੋਈ।

ਪੰਜਾਬ ਦੇ ਸਿੰਚਾਈ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਕਪੂਰਥਲਾ ਦਾ ਦੌਰਾ ਕੀਤਾ। ਪਿਛਲੇ 24 ਘੰਟਿਆਂ ਵਿੱਚ ਰਾਜ ਦੇ ਤਾਪਮਾਨ ਵਿੱਚ 2.4 ਡਿਗਰੀ ਦੀ ਵਾਧਾ ਦਰਜ ਹੋਈ, ਜਿਸ ਵਿੱਚ ਫਰੀਦਕੋਟ ਵਿੱਚ ਸਭ ਤੋਂ ਵੱਧ 39.8 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ।

ਅਗਲੇ 3 ਦਿਨਾਂ ਵਿੱਚ ਮੌਸਮ ਕਿਵੇਂ ਰਹੇਗਾ?

ਮੌਸਮ ਵਿਭਾਗ ਅਨੁਸਾਰ, 21 ਅਤੇ 22 ਅਗਸਤ ਨੂੰ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। 23 ਅਗਸਤ ਨੂੰ ਜ਼ਿਆਦਾਤਰ ਥਾਵਾਂ ’ਤੇ ਬਾਰਿਸ਼ ਦੀ ਸੰਭਾਵਨਾ ਹੈ ਤੇ ਇਸ ਦਿਨ ਲਈ ਯੈੱਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ, 25 ਅਗਸਤ ਤੱਕ ਕਈ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।