The Khalas Tv Blog Punjab ਮੁੜ ਤੋਂ ਖੋਲੇ ਗਏ ਸੁਖਨਾ ਝੀਲ ਦੇ ਫਲੱਡ ਗੇਟ …
Punjab

ਮੁੜ ਤੋਂ ਖੋਲੇ ਗਏ ਸੁਖਨਾ ਝੀਲ ਦੇ ਫਲੱਡ ਗੇਟ …

ਚੰਡੀਗੜ੍ਹ : ਮੀਂਹ ਕਾਰਨ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਇੱਕ ਵਾਰ ਫਿਰ ਖ਼ਤਰੇ ਦੇ ਨਿਸ਼ਾਨ ‘ਤੇ ਪਹੁੰਚ ਗਿਆ ਹੈ। ਜਿਸ ਤੋਂ ਬਾਅਦ ਝੀਲ ਦੇ ਪਾਣੀ ਦਾ ਪੱਧਰ ਵਧਣ ਦੇ ਕਾਰਨ ਫਿਰ ਤੋਂ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਇਸ ਦੀ ਜਾਣਕਾਰੀ ਚੰਡੀਗੜ੍ਹ ਟਰੈਫ਼ਿਕ ਪੁਲਿਸ ਨੇ ਇੱਕ ਟਵੀਟ ਕਰਦਿਆਂ ਦਿੱਤੀ ਹੈ।

ਪੁਲਿਸ ਨੇ ਟਵੀਟ ਕਰਦਿਆਂ ਕਿਹਾ ਕਿ ਸੁਖਨਾ ਝੀਲ ਦਾ ਇੱਕ ਗੇਟ ਸੁਖਨਾ ਚੋਅ ਵਿੱਚ ਪਾਣੀ ਛੱਡਣ ਲਈ ਖੋਲ੍ਹਿਆ ਗਿਆ ਹੈ ਕਿਉਂਕਿ ਪਾਣੀ ਦਾ ਪੱਧਰ ਖ਼ਤਰੇ ਵਾਲੇ ਖੇਤਰ ਦੇ ਪਾਣੀ ਦੇ ਪੱਧਰ ਨੂੰ ਛੂਹ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪਿੰਡ ਕਿਸ਼ਨਗੜ੍ਹ, ਸ਼ਾਸਤਰੀਨਗਰ, ਸੀ.ਟੀ.ਯੂ. ਵਰਕਸ਼ਾਪ ਵਿਖੇ ਸੁਖਨਾ ਚੋਅ ਦੇ ਪੁਲ ਤੋਂ ਆਵਾਜਾਈ ਬੰਦ ਹੈ।

ਇੱਕ ਹੋਰ ਟਵੀਟ ਕਰਦਿਆਂ ਚੰਡੀਗੜ੍ਹ ਪੁਲਿਸ ਨੇ ਕਿਹਾ ਕਿ ਇੰਡ ਪੀਐਚ 1 ਅਤੇ ਮੱਖਣ ਮਾਜਰਾ ਪੁਲਿਸ ਕੰਮ ‘ਤੇ ਹੈ। ਇਹਨਾਂ ਸਥਾਨਾਂ ਤੋਂ ਪਾਰ ਕਰਨ ਦੀ ਕੋਈ ਕੋਸ਼ਿਸ਼ ਨਾ ਕਰੋ ਅਤੇ ਸੁਖਨਾ ਚੋਅ ਦੇ ਬੰਨ੍ਹ ਵਾਲੇ ਖੇਤਰ ਦੇ ਆਲ਼ੇ-ਦੁਆਲੇ ਸੈਰ ਨਾ ਕਰੋ।

ਦੱਸ ਦਈਏ ਕਿ ਇਸ ਤੋਂ ਪਹਿਲਾਂ 9 ਜੁਲਾਈ ਨੂੰ ਲਗਾਤਾਰ ਪੈ ਰਹੇ ਮੀਂਹ ਕਰਕੇ ਸੁਖਨਾ ਝੀਲ ਵਿੱਚ ਪਾਣੀ ਖਤਰੇ ਦੇ ਨਿਸ਼ਾਨ ’ਤੇ ਪਹੁੰਚ ਗਿਆ ਸੀ। ਇਸ ਕਰਕੇ ਪ੍ਰਸ਼ਾਸਨ ਨੇ ਸੁਖਨਾ ਝੀਲ ਦੇ ਦੋ ਫਲੱਡ ਗੇਟ ਖੋਲ੍ਹ ਦਿੱਤੇ ਸਨ। ਇਕ ਫਲੱਡ ਗੇਟ ਸਵੇਰੇ ਸਾਢੇ ਪੰਜ ਵਜੇ ਅਤੇ ਦੂਜਾ ਸਵੇਰੇ 6:15 ਵਜੇ ਖੋਲ੍ਹੇ ਗਏ ਸਨ।

ਸੁਖਨਾ ਝੀਲ ਵਿੱਚ ਖ਼ਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ ਜਦਕਿ ਪਾਣੀ ਦਾ ਪੱਧਰ 1164.60 ਫੁੱਟ ਤੱਕ ਪਹੁੰਚ ਗਿਆ ਸੀ। ਇਸ ਦੌਰਾਨ ਪਾਣੀ ਸੁਖਨਾ ਝੀਲ ਦੇ ਫਲੱਡ ਗੇਟਾਂ ਦੇ ਉੱਪਰੋਂ ਦੀ ਲੰਘ ਰਿਹਾ ਸੀ। ਜਾਣਕਾਰੀ ਅਨੁਸਾਰ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹਣ ਕਰਕੇ ਜ਼ੀਰਕਪੁਰ ਤੇ ਪੰਚਕੂਲਾ ਦੇ ਕੁਝ ਇਲਾਕਿਆਂ ਵਿਚ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਸੀ।

Exit mobile version