‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਲਈ ਖੁਸ਼ ਖ਼ਬਰ ਹੈ ਕਿ ਚੰਡੀਗੜ੍ਹ ਹਵਾਈ ਅੱਡੇ ਤੋਂ ਕੈਨੇਡਾ ਦੇ ਸ਼ਹਿਰ ਵੈਨਕੂਵਰ ਅਤੇ ਟੋਰਾਂਟੋ ਲਈ ਸਿੱਧੀਆਂ ਉਡਾਣਾਂ ਜਲਦ ਸ਼ੁਰੂ ਹੋ ਰਹੀਆਂ ਹਨ। ਚੰਡੀਗੜ੍ਹ ਹਵਾਈ ਅੱਡੇ ਦੇ ਸੀਈਓ ਰਾਕੇਸ਼ ਰੰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਨੇਡਾ ਦੀ ਕੰਪਨੀ ਡੌਗਵਰਕਰਸ ਇੰਟਰਨੈਸ਼ਨਲ ਕੈਪੀਟਲ ਕਾਰਪੋਰੇਸ਼ਨ ਨੇ ਟੋਰਾਂਟੋ ਤੇ ਵੈਨਕੂਵਰ ਲਈ ਇਹ ਫਲਾਈਟਾਂ ਸ਼ੁਰੂ ਕਰਨ ਲਈ ਪ੍ਰਵਾਨਗੀ ਮੰਗੀ ਹੈ। ਇਹ 200 ਸੀਟਾਂ ਵਾਲੇ ਚਾਰਟਰ ਜਹਾਜ਼ ਹੋਣਗੇ। ਸ਼ੁਰੂ ਵਿਚ 3 ਮਹੀਨਿਆਂ ਦੇ ਸੀਜ਼ਨ ਲਈ ਪ੍ਰਵਾਨਗੀ ਮੰਗੀ ਗਈ ਹੈ ਪਰ ਮੁਸਾਫ਼ਰਾਂ ਦੇ ਹੁੰਗਾਰੇ ਨੂੰ ਵੇਖਦਿਆਂ ਇਹਨਾਂ ਨੂੰ ਵਧਾਇਆ ਜਾ ਸਕਦਾ ਹੈ। ਸੂਤਰਾਂ ਤੋਂ ਜਾਣਕਾਰੀ ਮੁਤਾਬਕ ਚੰਡੀਗੜ੍ਹ ਤੋਂ ਯੂਕੇ ਦੇ ਬਰਮਿੰਘਮ ਜਾਂ ਹੀਥਰੋ ਹਵਾਈ ਅੱਡੇ ਲਈ ਫਲਾਈਟਾਂ ਸ਼ੁਰੂ ਕਰਨ ਬਾਰੇ ਵੀ ਵਿਚਾਰ ਵਟਾਂਦਰਾ ਹੋ ਰਿਹਾ ਹੈ।
ਰਾਕੇਸ਼ ਰੰਜਨ ਸਹਾਏ ਨੇ ਕਿਹਾ ਕਿ “ਕੈਨੇਡਾ ਸਥਿਤ ਕੰਪਨੀ ਨੇ ਕੈਨੇਡਾ ਦੇ ਦੋ ਸ਼ਹਿਰਾਂ ਲਈ ਚਾਰਟਰ ਉਡਾਣਾਂ ਸ਼ੁਰੂ ਕਰਨ ਲਈ ਸਾਡੇ ਨਾਲ ਸੰਪਰਕ ਕੀਤਾ ਹੈ। ਅਸੀਂ ਉਨ੍ਹਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਹੁਣ ਅੰਤਿਮ ਮਨਜ਼ੂਰੀ ਦੀ ਉਡੀਕ ਕਰ ਰਹੇ ਹਾਂ। ਇੱਕ ਵਾਰ ਜਦੋਂ ਇਹ ਯੋਜਨਾ ਸ਼ੁਰੂ ਹੋ ਜਾਂਦੀ ਹੈ, ਤਾਂ ਇਹ ਕੈਨੇਡਾ ਵਿੱਚ ਪ੍ਰਵਾਸੀ ਪੰਜਾਬੀਆਂ ਲਈ ਇੱਕ ਵੱਡੀ ਰਾਹਤ ਹੋਵੇਗੀ।”
ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤ ਵਿੱਚ ਇਹ 200 ਸੀਟਾਂ ਵਾਲੇ ਜਹਾਜ਼ਾਂ ਦੇ ਨਾਲ ਲਗਭਗ ਤਿੰਨ ਮਹੀਨਿਆਂ ਲਈ ਇੱਕ ਮੌਸਮੀ ਉਡਾਣ ਹੋਵੇਗੀ, ਪਰ ਬਾਅਦ ਵਿੱਚ ਹੁੰਗਾਰੇ ਦੇ ਆਧਾਰ ‘ਤੇ ਉਡਾਣ ਦੀ ਸਮਰੱਥਾ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਲੰਡਨ ਲਈ ਉਡਾਣਾਂ ਦੇ ਸਬੰਧ ਵਿੱਚ ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੇ ਬ੍ਰਿਟਿਸ਼ ਹਾਈ ਕਮਿਸ਼ਨ ਨਾਲ ਮੀਟਿੰਗ ਕੀਤੀ ਹੈ ਅਤੇ ਹੀਥਰੋ ਹਵਾਈ ਅੱਡੇ ਜਾਂ ਬਰਮਿੰਘਮ ਹਵਾਈ ਅੱਡੇ ਲਈ ਉਡਾਣਾਂ ਦੀ ਸੰਭਾਵਨਾ ਬਾਰੇ ਚਰਚਾ ਕੀਤੀ ਹੈ। ਜਾਣਕਾਰੀ ਮਤਾਬਿਕ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਯੂਨਾਈਟਿਡ ਕਿੰਗਡਮ ਅਤੇ ਕੈਨੇਡਾ ਦੋਵਾਂ ਲਈ ਅੰਤਰਰਾਸ਼ਟਰੀ ਉਡਾਣਾਂ ਦੇ ਪ੍ਰਸਤਾਵ ਨੂੰ ਅੱਗੇ ਵਧਾ ਰਹੀ ਹੈ।