ਚੰਡੀਗੜ੍ਹ: ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ, ਚੰਡੀਗੜ੍ਹ ਤੋਂ ਨਾਂਦੇੜ ਸਾਹਿਬ ਅਤੇ ਅਯੁੱਧਿਆ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਇੰਡੀਗੋ ਅਤੇ ਵਿਸਤਾਰਾ ਏਅਰਲਾਈਨਜ਼ ਨੇ ਇਨ੍ਹਾਂ ਦੋਵਾਂ ਧਾਰਮਿਕ ਸਥਾਨਾਂ ਲਈ ਸਲਾਟਾਂ ਦੀ ਮੰਗ ਕੀਤੀ ਹੈ, ਜਿਸ ਦੀ ਪ੍ਰਕਿਰਿਆ ਏਅਰਪੋਰਟ ਅਥਾਰਟੀ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।
ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ ਸਲਾਟ ਅਲਾਟ ਹੁੰਦੇ ਹੀ ਏਅਰ ਟ੍ਰੈਫਿਕ ਕੰਟਰੋਲ (ATC) ਤੋਂ ਅੰਤਿਮ ਮਨਜ਼ੂਰੀ ਲਈ ਜਾਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਰਦੀਆਂ ਦੀ ਸਮਾਂ-ਸਾਰਣੀ ਤੋਂ ਪਹਿਲਾਂ ਇਨ੍ਹਾਂ ਦੋਵਾਂ ਥਾਵਾਂ ਲਈ ਉਡਾਣਾਂ ਸ਼ੁਰੂ ਹੋ ਜਾਣਗੀਆਂ।
ਸ਼ਰਧਾਲੂਆਂ ਲਈ ਵੱਡੀ ਰਾਹਤ
ਨਾਂਦੇੜ ਸਾਹਿਬ ਅਤੇ ਅਯੁੱਧਿਆ ਲਈ ਉਡਾਣਾਂ ਦੀ ਭਾਰੀ ਮੰਗ ਦੇ ਮੱਦੇਨਜ਼ਰ ਏਅਰਪੋਰਟ ਅਥਾਰਟੀ ਨੇ ਏਅਰਲਾਈਨਜ਼ ਨੂੰ ਉਡਾਣਾਂ ਸ਼ੁਰੂ ਕਰਨ ਦੀ ਅਪੀਲ ਕੀਤੀ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਉਡਾਣਾਂ ਦੇ ਸ਼ੁਰੂ ਹੋਣ ਨਾਲ ਟ੍ਰਾਈਸਿਟੀ ਦੇ ਯਾਤਰੀਆਂ ਖ਼ਾਸ ਕਰਕੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੇ ਚਾਹਵਾਨ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ।
ਹਵਾਈ ਅੱਡਾ ਅਥਾਰਟੀ ਅਕਤੂਬਰ ਦੇ ਅਖੀਰਲੇ ਹਫ਼ਤੇ ਵਿੱਚ ਆਪਣਾ ਸਰਦੀਆਂ ਦਾ ਸਮਾਂ-ਸਾਰਣੀ ਜਾਰੀ ਕਰਦੀ ਹੈ, ਅਤੇ ਸ਼ਰਧਾਲੂਆਂ ਨੂੰ ਉਮੀਦ ਹੈ ਕਿ ਇਹ ਨਵੀਆਂ ਉਡਾਣਾਂ ਇਸ ਸਮਾਂ-ਸਾਰਣੀ ਤੋਂ ਪਹਿਲਾਂ ਸ਼ੁਰੂ ਹੋ ਜਾਣਗੀਆਂ। ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੀਈਓ ਅਜੈ ਵਰਮਾ ਨੇ ਦੱਸਿਆ ਕਿ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਜਲਦੀ ਹੀ ਉਡਾਣਾਂ ਉਪਲੱਬਧ ਹੋ ਜਾਣਗੀਆਂ।