ਅੰਮ੍ਰਿਤਸਰ : ਕੈਨੇਡਾ ਤੇ ਅਮਰੀਕਾ ਵਿੱਚ ਵਸਦੇ ਪਰਵਾਸੀਆਂ ਲਈ ਹੁਣ ਆਪਣੀ ਜਨਮ ਭੂਮੀ ਵੱਲ ਗੇੜਾ ਮਾਰਨਾ ਹੋਰ ਸੋਖਾ ਹੋਣ ਜਾ ਰਿਹਾ ਹੈ । ਕਿਉਂਕਿ ਹੁਣ ਅੰਮ੍ਰਿਤਸਰ ਤੋਂ ਟੋਰਾਂਟੋ ਤੇ ਨਿਊਯਾਰਕ ਲਈ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਟਲੀ ਦੀ ਨਿਓਸ ਏਅਰ 6 ਅਪ੍ਰੈਲ, 2023 ਤੋਂ ਅੰਮ੍ਰਿਤਸਰ ਨੂੰ ਕੈਨੇਡਾ ਦੇ ਟੋਰਾਂਟੋ ਤੇ ਅਮਰੀਕਾ ਦੇ ਨਿਊਯਾਰਕ ਨੂੰ ਮਿਲਾਨ ਦੇ ਮਾਲਪੈਂਸਾ ਹਵਾਈ ਅੱਡੇ ਰਾਹੀ ਜੋੜਨ ਜਾ ਰਹੀ ਹੈ। ਅੰਮ੍ਰਿਤਸਰ ਤੋਂ ਟੋਰਾਂਟੋ ਤੇ ਵੈਨਕੂਵਰ ਲਈ ਸਿੱਧੀਆਂ ਉਡਾਣਾਂ ਦੀ ਮੰਗ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਹੈ। ਇਸ ਨਵੀ ਉਡਾਣ ਦੇ ਸ਼ੁਰੂ ਹੋਣ ਨਾਲ ਇਸ ਖਿੱਤੇ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਰਾਹਤ ਮਿਲੇਗੀ।
ਨਿਓਸ ਏਅਰਲਾਈਨ ਵੱਲੋਂ ਆਪਣੀ ਵੈਬਸਾਈਟ ‘ਤੇ ਸਮਾਂਸੂਚੀ ਉਪਲਬਧ ਕਰਵਾਈ ਗਈ ਹੈ ,ਜਿਸ ਅਨੁਸਾਰ 6 ਅਪ੍ਰੈਲ ਤੋਂ ਏਅਰਲਾਈਨ ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਨਿਊਯਾਰਕ ਲਈ ਹਫਤੇ ਵਿੱਚ ਇੱਕ ਦਿਨ ਉਡਾਣ ਜਾਵੇਗੀ । ਇਹ ਉਡਾਣ ਹਰ ਵੀਰਵਾਰ ਸਵੇਰੇ 3:15 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਉਸੇ ਦਿਨ ਸਵੇਰੇ 8:20 ਵਜੇ ਮਿਲਾਨ ਪਹੁੰਚੇਗੀ। ਜਿਥੇ 4 ਘੰਟੇ 10 ਮਿੰਟ ਦੀ ਸਟੇਅ ਹੋਣ ਤੋਂ ਬਾਅਦ ਦੁਪਹਿਰ 12:30 ਵਜੇ ਉਥੋਂ ਰਵਾਨਾ ਹੋ ਕੇ ਬਾਅਦ ਦੁਪਹਿਰ 3 ਵਜੇ ਟੋਰਾਂਟੋ ਪਹੁੰਚੇਗੀ। ਇਸੇ ਤਰਾਂ ਟੋਰਾਂਟੋ ਦੇ ਪੀਅਰਸਨ ਏਅਰਪੋਰਟ ਤੋਂ ਇਹ ਉਡਾਣ ਫਿਰ ਵਾਪਸੀ ਲਈ ਹਰ ਵੀਰਵਾਰ ਸ਼ਾਮ 5 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ੁੱਕਰਵਾਰ ਨੂੰ ਸਵੇਰੇ 6:50 ਵਜੇ ਮਿਲਾਨ ਪਹੁੰਚੇਗੀ। ਉੱਥੋਂ ਫਿਰ ਸਵੇਰੇ 10 ਵਜੇ ਰਵਾਨਾ ਹੋ ਕੇ ਉਸੇ ਦਿਨ ਸ਼ੁੱਕਰਵਾਰ ਰਾਤ 9:15 ਵਜੇ ਅੰਮ੍ਰਿਤਸਰ ਪਹੁੰਚੇਗੀ। ਯਾਤਰੀ ਮਿਲਾਨ ਵਿਖੇ 3 ਘੰਟੇ 10 ਮਿੰਟ ਲਈ ਰੁਕਣਗੇ। ਇੰਝ ਟੋਰਾਂਟੋ ਤੋਂ ਅੰਮ੍ਰਿਤਸਰ ਦਾ ਸਫਰ ਸਿਰਫ 18 ਘੰਟੇ 45 ਮਿੰਟ ਵਿੱਚ ਪੂਰਾ ਹੋ ਜਾਇਆ ਕਰੇਗਾ। ਇਨ੍ਹਾਂ ਉਡਾਣਾਂ ਲਈ ਏਅਰਲਾਈਨ ਵੱਲੋਂ ਆਪਣੇ 359 ਸੀਟਾਂ ਵਾਲੇ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਦੀ ਵਰਤੋਂ ਕੀਤੀ ਜਾਵੇਗੀ।
ਇਸ ਸੰਬੰਧ ਵਿੱਚ ਕੈਨੇਡੀਅਨ ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਨੇ ਵੀ ਮਈ 2022 ਵਿੱਚ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨਾਲ ਮੀਟਿੰਗ ਦੋਰਾਨ ਗੱਲਬਾਤ ਕੀਤੀ ਸੀ।
ਜ਼ਿਕਰਯੋਗ ਹੈ ਕਿ ਇਸ ਵੇਲੇ ਅੰਮ੍ਰਿਤਸਰ ਤੋਂ ਦਿੱਲੀ ਰਾਹੀਂ ਉਡਾਣ ਜਾਂ ਪੰਜਾਬ ਤੋਂ ਦਿੱਲੀ ਜਾ ਕੇ ਕੈਨੇਡਾ ਲਈ ਉਡਾਣਾਂ ਉਪਲਬੱਧ ਹਨ,ਜਿਸ ਨਾਲ ਖਿੱਤੇ ਦੇ ਯਾਤਰੀਆਂ ਨੂੰ ਦਿੱਲੀ ਦੇ ਰਸਤੇ ਯਾਤਰਾ ਕਰਨ ਵਿਚ ਬਹੁਤ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ । ਹੁਣ ਇਹਨਾਂ ਉਡਾਣਾਂ ਦੇ ਸ਼ੁਰੂ ਹੋਣ ਨਾਲ ਭਾਂਵੇ ਟੋਰਾਂਟੋ ਅਤੇ ਵੈਨਕੂਵਰ ਤੋਂ ਸਿੱਧਾ ਅੰਮ੍ਰਿਤਸਰ ਲਈ ਉਡਾਣਾਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਪੂਰੀ ਨਹੀਂ ਹੋਵੇਗੀ,ਪਰ ਫਿਰ ਵੀ ਹਜ਼ਾਰਾਂ ਲੋਕਾਂ ਲਈ ਪੰਜਾਬ ਦਾ ਹਵਾਈ ਸਫਰ ਸੁਖਾਲਾ ਹੋ ਜਾਵੇਗਾ।