‘ਦ ਖ਼ਾਲਸ ਬਿਊਰੋ :- ਸਿੱਖ ਜਗਤ ਲਈ ਖ਼ੁਸ਼ ਖ਼ਬਰ ਹੈ ਕਿ ਇੰਡੀਗੋ ਏਅਰਲਾਈਨਜ਼ ਵੱਲੋਂ ਪਟਨਾ ਸਾਹਿਬ ਲਈ ਹਵਾਈ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ। ਤਿੰਨ ਅਗਸਤ ਨੂੰ ਚੰਡੀਗੜ੍ਹ ਤੋਂ ਪਟਨਾ ਸਾਹਿਬ ਲਈ ਜਹਾਜ਼ ਪਹਿਲੀ ਉਡਾਣ ਭਰੇਗਾ। ਹਾਲ ਦੀ ਘੜੀ ਹਫ਼ਤੇ ਵਿੱਚ ਤਿੰਨ ਦਿਨ ਜਹਾਜ਼ ਪਟਨਾ ਸਾਹਿਬ ਲਈ ਜਾਵੇਗਾ। ਸ਼ਰਧਾਲੂਆਂ ਦਾ ਹੁੰਗਾਰਾ ਵੇਖ ਕੇ ਇਸਨੂੰ ਰੋਜ਼ਾਨਾ ਸ਼ੁਰੂ ਕਰਨ ਦੀ ਤਜ਼ਵੀਜ਼ ਹੈ।
ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਜਹਾਜ਼ ਬਾਅਦ ਦੁਪਹਿਰ 3:35 ਵਜੇ ਉਡਾਣ ਭਰੇਗਾ, ਜੋ ਕਿ 5:40 ‘ਤੇ ਪਟਨਾ ਸਾਹਿਬ ਵਿਖੇ ਪਹੁੰਚੇਗਾ। ਜਹਾਜ਼ ਦੇ ਸਫ਼ਰ ਦਾ ਕਿਰਾਇਆ 6500 ਰੁਪਏ ਰੱਖਿਆ ਗਿਆ ਹੈ। ਦੱਸ ਦਈਏ ਕਿ ਪਟਨਾ ਸਾਹਿਬ ਜਾਣ ਲਈ ਪਹਿਲਾਂ ਦਿੱਲੀ ਤੱਕ ਟੁੱਟਵੀਂ ਫਲਾਈਟ ਲੈਣੀ ਪੈਂਦੀ ਸੀ। ਇਸ ਨਾਲ ਸਮਾਂ ਅਤੇ ਪੈਸਾ ਵਧੇਰੇ ਖ਼ਰਚ ਹੁੰਦਾ ਸੀ। ਕਈ ਮੁਸਾਫ਼ਰ ਅੰਮ੍ਰਿਤਸਰ ਸਾਹਿਬ ਤੋਂ ਪਟਨਾ ਸਾਹਿਬ ਲਈ ਜਹਾਜ਼ ਲੈਂਦੇ ਰਹੇ ਹਨ। ਇੰਡੀਗੋ ਇਸ ਨਵੀਂ ਉਡਾਣ ਦੇ ਨਾਲ ਜਿੱਥੇ ਸਿੱਖ ਸ਼ਰਧਾਲੂਆਂ ਨੂੰ ਦਸਵੇਂ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਦੇ ਦਰਸ਼ਨ ਕਰਨੇ ਸੌਖੇ ਹੋ ਜਾਣਗੇ, ਉੱਥੇ ਆਮ ਲੋਕਾਂ ਵਾਸਤੇ ਵੀ ਪਟਨਾ ਸਾਹਿਬ ਨੇੜੇ ਹੋ ਜਾਵੇਗਾ।