ਬਿਉਰੋ ਰਿਪੋਰਟ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਨਵੇਂ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਲੈਕੇ ਅਪੀਲ ਕੀਤੀ ਹੈ। ਉਨ੍ਹਾਂ ਨੇ 26 ਨਵੰਬਰ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿੱਚ ਦਸਮ ਪਿਤਾ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਪੱਕਾ ਕਰਨ ਲਈ ਕਿਹਾ ਹੈ । ਸਰਨਾ ਨੇ ਦੱਸਿਆ ਕਿ ਪੰਥ ਵਿੱਚ ਹਰ ਸਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈਕੇ ਦੁਬਿੱਧਾ ਬਣੀ ਰਹਿੰਦੀ ਹੈ ਜਿਸ ਨੂੰ ਦੂਰ ਕਰਨਾ ਜ਼ਰੂਰੀ ਹੈ ।
5 ਜਨਵਰੀ ਨੂੰ ਕਿਉਂ ਹੋਵੇ ਫਿਕਸ ਤਰੀਕ ?
ਮੌਜੂਦਾ ਨਾਨਕਸ਼ਾਹੀ ਕਲੰਡਰ ਦੇ ਹਿਸਾਬ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਲੈਕੇ ਹਰ ਸਾਲ ਦੁਬਿੱਧਾ ਬਣੀ ਰਹਿੰਦੀ ਹੈ । ਕਦੇ ਦਸਮ ਪਿਤਾ ਦਾ ਪ੍ਰਕਾਸ਼ ਦਿਹਾੜਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੋਂ ਇਕ ਦਿਨ ਬਾਅਦ ਆਉਂਦਾ ਹੈ ਅਤੇ ਕਦੋ ਛੋਟੇ ਸਾਹਿਬਜ਼ਾਦੀਆਂ ਦੇ ਦਿਹਾੜੇ ਦੇ ਆਲੇ-ਦੁਆਲੇ ਹੁੰਦਾ ਹੈ । ਜਿਸ ਨੂੰ ਲੈਕੇ ਸੰਗਤਾਂ ਵਿੱਚ ਦੁਬਿੱਧਾ ਬਣੀ ਰਹਿੰਦੀ ਹੈ । ਇਸ ਵਾਰ ਵੀ ਅਜਿਹਾ ਹੀ ਹੋਇਆ ਹੈ ।ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 28 ਦਸੰਬਰ ਨੂੰ ਹੈ ਅਤੇ ਅਗਲੇ ਦਿਨ ਯਾਨੀ 29 ਦਸੰਬਬ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹੈ ਅਜਿਹੇ ਵਿੱਚ ਸੰਗਤਾਂ ਦੁਬਿੱਧਾ ਵਿੱਚ ਹਨ । ਆਖਿਰ ਕਿਵੇਂ ਉਹ ਸ਼ਹੀਦੀ ਦਿਹਾੜੇ ਤੋਂ ਬਾਅਦ ਦਸਮ ਪਿਤਾ ਦਾ ਪ੍ਰਕਾਸ਼ ਦਿਹਾੜਾ ਅਗਲੇ ਦਿਨ ਮਨਾ ਸਕਦੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਲੀਲ ਦਿੰਦੇ ਹੋਏ ਕਿਹਾ ਕਿ ਅਗਲੇ ਆਉਣ ਵਾਲੇ ਸਾਲਾ ਵਿੱਚ ਵੀ ਅਜਿਹੀ ਮੁਸ਼ਕਿਲ ਸੰਗਤਾਂ ਦੇ ਸਾਹਮਣੇ ਬਣੀ ਰਹੇਗੀ ਇਸ ਲਈ ਇਸ ਦਾ ਹੱਲ ਜ਼ਰੂਰੀ ਹੈ । ਪਰਮਜੀਤ ਸਿੰਘ ਸਰਨਾ ਨੇ ਦੱਸਿਂਆ ਕਿ ਮੌਜੂਦਾ ਨਾਨਕਸ਼ਾਹੀ ਕਲੰਡਰ ਦੇ ਹਿਸਾਬ ਨਾਲ 2023 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਆ ਹੀ ਨਹੀਂ ਰਿਹਾ । ਜਦਕਿ ਕਿਸੇ ਸਾਲ 2 ਵਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ।
2004 ਵਿੱਚ ਵਿਵਾਦ ਨੂੰ ਖ਼ਤਮ ਕਰਨ ਦੀ ਹੋਈ ਸੀ ਕੋਸ਼ਿਸ਼
2004 ਵਿੱਚ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਇਸ ਵਿਵਾਦ ਨੂੰ ਖ਼ਤਮ ਕਰਨ ਦੇ ਲਈ ਨਵਾਂ ਨਾਨਕਸ਼ਾਹੀ ਕਲੰਡਰ ਜਾਰੀ ਕੀਤਾ ਸੀ। ਜਿਸ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਛੱਡ ਕੇ ਸਾਰੇ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪੁਰਬ ਦੀ ਤਰੀਕ ਤੈਅ ਕਰ ਦਿੱਤੀ ਗਈ ਸੀ । 2003 ਵਿੱਚ ਜਾਰੀ ਨਾਨਕਸ਼ਾਹੀ ਕਲੰਡਰ ਦੇ ਹਿਸਾਬ ਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 5 ਜਨਵਰੀ ਨੂੰ ਤੈਅ ਕੀਤਾ ਗਿਆ ਸੀ । ਪਰ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਸਮੇਤ ਦਮਦਮੀ ਟਕਸਾਲ ਅਤੇ ਸੰਤ ਸਮਾਜ ਨੇ ਇਸ ਦਾ ਵਿਰੋਧ ਕੀਤਾ ਸੀ ਜਿਸ ਤੋਂ ਬਾਅਦ ਮੁੜ ਤੋਂ ਪੁਰਾਣਾ ਨਾਨਕਸ਼ਾਹੀ ਕਲੰਡਰ ਲਾਗੂ ਕਰ ਦਿੱਤਾ ਗਿਆ ਸੀ । ਜਿਸ ਦੀ ਵਜ੍ਹਾ ਕਰਕੇ ਲਗਾਤਾਰ ਹਰ ਸਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈਕੇ ਦੁੱਬਿਧਾ ਬਣੀ ਰਹਿੰਦੀ ਹੈ। ਜਦੋਂ ਪਰਮਜੀਤ ਸਿੰਘ ਸਰਨਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ ਤਾਂ ਉਨ੍ਹਾਂ ਵੱਲੋਂ 2004 ਵਿੱਚ ਜਾਰੀ ਨਾਨਕ ਸ਼ਾਹੀ ਕਲੰਡਰ ਦੀ ਹਿਮਾਇਤ ਕੀਤੀ ਗਈ ਸੀ ਅਤੇ ਉਸੇ ਦੇ ਹਿਸਾਬ ਨਾਲ ਦਿੱਲੀ ਵਿੱਚ ਗੁਰੂ ਸਾਹਿਬਾਨਾਂ ਦੇ ਦਿਹਾੜੇ ਮਨਾਏ ਜਾਂਦੇ ਸਨ । ਪਰ ਕਮੇਟੀ ਬਦਲਣ ਤੋਂ ਬਾਅਦ ਇਕ ਵਾਰ ਮੁੜ ਤੋਂ ਬਦਲੇ ਹੋਏ ਨਾਨਕਸ਼ਾਹੀ ਕਲੰਡਰ ਦੇ ਹਿਸਾਬ ਨਾਲ ਹੀ ਗੁਰੂ ਸਾਹਿਬਾਨਾਂ ਦੇ ਦਿਹਾੜੇ ਮਨਾਏ ਜਾਂਦੇ ਹਨ ।