India

ਰਸਤੇ ‘ਚ ਹੈ ਦੁਸ਼ਮਣ ਦਾ ਕਾਲ ਰਾਫ਼ੇਲ,ਅੰਬਾਲਾ ਪਹੁੰਚਣਗੇ ਅੱਜ ਇਹ ਲੜਾਕੂ ਜਹਾਜ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਭਾਰਤ ਵੱਲੋਂ ਆਪਣੀ ਤਾਕਤ ਵਧਾਉਣ ਲਈ ਫਰਾਂਸ ਤੋਂ ਮੰਗਵਾਏ ਪੰਜ ਰਾਫੇਲ ਲੜਾਕੂ ਜਹਾਜ਼ ਅੱਜ ਅੰਬਾਲਾ ਏਅਰਬੇਸ ‘ਤੇ ਪਹੁੰਚ ਰਹੇ ਹਨ। ਇਹ ਰਾਫੇਲ ਫਰਾਂਸ ਤੋਂ 7,364 ਕਿਲੋਮੀਟਰ ਤੱਕ ਦਾ ਸਫ਼ਰ ਕਰਨਗੇ। ਇਹ ਜਹਾਜ਼ ਏਅਰ ਫੋਰਸ ਦੇ ਚੀਫ ਆਰਕੇਐੱਸ ਭਦੌਰੀਆ ਵੱਲੋਂ ਪ੍ਰਾਪਤ ਕੀਤੇ ਜਾਣਗੇ।

ਅੰਬਾਲਾ ਏਅਰਫੋਰਸ ਸਟੇਸ਼ਨ ‘ਤੇ ਰਾਫੇਲ ਦੀ ਆਮਦ ਲਈ ਸਾਵਧਾਨੀ ਦੇ ਤੌਰ ‘ਤੇ ਏਅਰ ਫੋਰਸ ਦੇ ਗਲੋਬਮਾਸਟਰ ਚਿਨੁਕ, ਹਰਕੂਲਸ, ਏ ਐੱਨ -32 ਜਹਾਜ਼ਾਂ ਅਤੇ ਹੈਲੀਕਾਪਟਰਾਂ ਦੀਆਂ ਗਤੀਵਿਧੀਆਂ ਵਧਾ ਦਿੱਤੀਆਂ ਗਈਆਂ ਹਨ। ਰਾਫੇਲ ਲਈ ਆਧੁਨਿਕ ਹੈਂਗਰ ਅਤੇ ਹਥਿਆਰ ਰੱਖਣ ਲਈ ਸਟੋਰ ਹਾਊਸ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਧਾਰਾ 144 ਵੀ ਲਗਾ ਦਿੱਤੀ ਗਈ ਹੈ।

 

ਇਨ੍ਹਾਂ ਜਹਾਜ਼ਾਂ ਨੂੰ ਭਾਰਤੀ ਹਵਾਈ ਸੈਨਾ ਦੇ ਪਾਇਲਟ ਫਰਾਂਸ ਤੋਂ ਲੈ ਕੇ ਆ ਰਹੇ ਹਨ। ਇਨ੍ਹਾਂ ਜਹਾਜ਼ਾਂ ਵਿੱਚ ਰਸਤੇ ਵਿੱਚ ਹਵਾ ‘ਚ ਹੀ ਫਿਊਲ ਭਰਿਆ ਗਿਆ ਸੀ। ਭਾਰਤੀ ਹਵਾਈ ਸੈਨਾ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਗਭਗ 30 ਹਜ਼ਾਰ ਫੁੱਟ ਦੀ ਉੱਚਾਈ ‘ਤੇ ਰਾਫੇਲ ਲੜਾਕੂ ਜਹਾਜ਼ਾਂ ਵਿੱਚ ਫਿਊਲ ਭਰਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਫਿਊਲ ਇੰਦਰ ਫ੍ਰੈਂਚ ਏਅਰ ਫੋਰਸ ਦੇ ਟੈਂਕਰ ਨਾਲ ਭਰਿਆ ਗਿਆ ਹੈ। ਇਹ ਲੜਾਕੂ ਜਹਾਜ਼ ਫਰਾਂਸ ਦੀ ਡੈਸੋ ਏਵੀਏਸ਼ਨ ਕੰਪਨੀ ਦੁਆਰਾ ਤਿਆਰ ਕੀਤੇ ਗਏ ਹਨ।