ਲੁਧਿਆਣਾ : ਚੰਡੀਗੜ੍ਹ ਰੋਡ ’ਤੇ ਇੱਕ ਸੜਕ ਹਾਦਸੇ ਵਿੱਚ ਤਿੰਨ ਬੱਚਿਆਂ ਸਣੇ ਪੰਜ ਜਣਿਆਂ ਦੀ ਜਾਨ ਚਲੀ ਗਈ। ਇਹ ਘਟਨਾ ਬੀਤੀ ਰਾਤ ਇੱਕ ਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾ ਕੇ ਬਿਜਲੀ ਦੇ ਖੰਭੇ ’ਚ ਜਾ ਵੱਜਣ ਕਾਰਨ ਵਾਪਰੀ। ਚਸ਼ਮਦੀਦਾਂ ਅਨੁਸਾਰ ਗੱਡੀ ਦੀ ਰਫ਼ਤਾਰ ਤੇਜ਼ ਸੀ ਤੇ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਪਲਟੀਆਂ ਖਾ ਗਈ। ਹਾਦਸੇ ਵਿੱਚ ਜ਼ਖ਼ਮੀ ਰਾਜੇਸ਼ ਦੀ ਪਤਨੀ ਪ੍ਰਿਆ ਨੂੰ ਗੰਭੀਰ ਹਾਲਤ ’ਚ ਸੀਐਮਸੀ ਹਸਪਤਾਲ ਭਰਤੀ ਕਰਵਾਇਆ ਗਿਆ , ਇੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਿਕ ਕਾਰ ਰਾਜੇਸ਼ ਚਲਾ ਰਿਹਾ ਸੀ ਜਿਸ ਵਿਚ ਉਸ ਦੀ ਪਤਨੀ ਪ੍ਰਿਆ ਤੇ ਹੋਰ ਵੀ ਸਵਾਰ ਸਨ। ਸੰਜਨਾ ਦੇ ਪਤੀ ਰਾਜਨ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਮੁੰਡੀਆਂ ਕਲਾਂ ਦੇ ਪਰਿਵਾਰਕ ਸਮਾਗਮ ਵਿਚ ਸ਼ਿਰਕਤ ਕਰਨ ਗਿਆ ਸੀ।
ਰਾਜੇਸ਼ ਨੇ ਦੱਸਿਆ ਕਿ ਉਹ ਮੋਟਰਸਾਈਕਲ ’ਤੇ ਕਾਰਾਂ ਪਿੱਛੇ ਜਾ ਰਿਹਾ ਸੀ ਤੇ ਮੋੜ ਨੇੜੇ ਕਾਰ ਬੇਕਾਬੂ ਹੋ ਗਈ ਤੇ ਪਲਟੀਆਂ ਖਾਂਦੀ ਹੋਈ ਦੂਜੇ ਪਾਸੇ ਖੰਭੇ ਨਾਲ ਟਕਰਾ ਗਈ। ਇਸ ਮੌਕੇ ਆਸ ਪਾਸ ਦੇ ਲੋਕਾਂ ਨੇ ਕਾਰ ਸਵਾਰਾਂ ਨੂੰ ਕਾਰ ’ਚੋਂ ਬਾਹਰ ਕੱਢਿਆ ਤਾਂ ਤਿੰਨ ਬੱਚਿਆਂ ਸਣੇ ਪੰਜ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦੋਂ ਕਿ ਪ੍ਰਿਆ ਦੀ ਹਾਲਤ ਗੰਭੀਰ ਸੀ। ਉਸ ਨੂੰ ਇਲਾਜ ਲਈ ਤੁਰੰਤ ਰਾਹਗੀਰਾਂ ਨੇ ਸੀਐਮਸੀ ਹਸਪਤਾਲ ਪਹੁੰਚਾਇਆ।
ਮ੍ਰਿਤਕਾਂ ਦੀ ਪਛਾਣ ਰਾਜੇਸ਼ ਕੁਮਾਰ, ਉਸ ਦੀ ਲੜਕੀ ਜੈਸਮੀਨ, ਉਸ ਦੀ ਰਿਸ਼ਤੇਦਾਰ ਸੰਜਨਾ ਤੇ ਉਸ ਦੀ ਦੋ ਲੜਕੀਆਂ ਮਾਹੀ (5) ਤੇ ਖੁਸ਼ੀ (3) ਵਜੋਂ ਹੋਈ ਹੈ।
ਚਸ਼ਮਦੀਦਾਂ ਅਨੁਸਾਰ ਕਾਰ ਦੀ ਰਫ਼ਤਾਰ 120 ਦੇ ਆਸਪਾਸ ਸੀ ਜਿਸ ਕਾਰਨ ਕਾਰ ਪਲਟ ਗਈ। ਕਾਰ ’ਚ ਸਵਾਰ ਸਾਰੇ ਮੂਲ ਰੂਪ ’ਚ ਬਿਹਾਰ ਦੇ ਜ਼ਿਲ੍ਹਾ ਸੀਤਾਮੜੀ ਦੇ ਰਹਿਣ ਵਾਲੇ ਸਨ। ਏਐਸਆਈ ਦਲਬੀਰ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।