ਰਾਏਗੜ੍ਹ : ਦੇਸ਼ ਵਿੱਚ ਮੌਨਸੂਨ ਦੌਰਾਨ ਭਾਰੀ ਮੀਂਹ ਕਾਰਨ ਕਈ ਤਰ੍ਹਾਂ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਹੁਣ ਤਾਜ਼ਾ ਮਾਮਲੇ ਵਿੱਚ ਮਹਾਰਾਸ਼ਟਰ ਦੇ ਰਾਏਗੜ੍ਹ ‘ਚ ਬੁੱਧਵਾਰ ਰਾਤੀ ਭਾਰੀ ਮੀਂਹ ਕਾਰਨ ਇਰਸ਼ਾਲਵਾੜੀ ਪਿੰਡ ਵਿੱਚ ਚਟਾਨ ਖਿਸਕਣ ਕਾਰਨ ਭਾਰੀ ਤਬਾਹੀ ਹੋਈ ਹੈ। ਇਸ ਘਟਨਾ ਵਿੱਚ ਘੱਟੋ-ਘੱਟ 10 ਲਾਸ਼ਾਂ ਦੀ ਪਛਾਣ ਹੋ ਗਈ ਹੈ ਜਦਕਿ ਹਾਲੇ ਮ੍ਰਿਤਕਾਂ ਦਾ ਅੰਕੜਾ ਹੋਰ ਵੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਜ਼ਮੀਨ ਖਿਸਕਣ ਨਾਲ 48 ਘਰ ਤਬਾਹ ਹੋ ਗਏ, 127 ਲੋਕ ਮਲਬੇ ਹੇਠ ਦੱਬ ਗਏ ਜਦਕਿ 70 ਲੋਕਾਂ ਨੂ ਬਚਾ ਲਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਘੱਟੋ-ਘੱਟ 100 ਲੋਕਾਂ ਦੇ ਫਸੇ ਹੋਣ ਦੀ ਖਬਰ ਦੇ ਵਿਚਕਾਰ NDRF ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਜ਼ਮੀਨ ਖਿਸਕਣ ਕਾਰਨ ਜ਼ਖਮੀ ਹੋਏ 20 ਲੋਕਾਂ ਨੂੰ ਨਵੀਂ ਮੁੰਬਈ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਰਾਹਤ ਅਤੇ ਮੁੜ ਵਸੇਬਾ ਮੰਤਰੀ ਅਨਿਲ ਪਾਟਿਲ ਨੇ ਕਿਹਾ ਹੈ ਕਿ ਜੇਕਰ ਲੋੜ ਪਈ ਤਾਂ ਜ਼ਖਮੀਆਂ ਨੂੰ ਏਅਰਲਿਫਟ ਕੀਤਾ ਜਾਵੇਗਾ।
ਹੁਣ ਤੱਕ 10 ਲਾਸ਼ਾਂ ਦੀ ਪਛਾਣ ਹੋਈ ਹੈ: ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵਿਧਾਨ ਸਭਾ ‘ਚ ਇਰਸ਼ਾਲਵਾੜੀ ਜ਼ਮੀਨ ਖਿਸਕਣ ‘ਤੇ ਬੋਲਦਿਆਂ ਕਿਹਾ ਕਿ ਦਸ ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਰਸ਼ਾਲਵਾੜੀ ਦੀ 228 ਆਬਾਦੀ ‘ਚੋਂ ਸਵੇਰੇ 10:15 ਵਜੇ ਤੱਕ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ 10 ਲਾਸ਼ਾਂ ਦੀ ਪਛਾਣ ਹੋ ਚੁੱਕੀ ਹੈ, ਘਟਨਾ ਸਮੇਂ 70 ਲੋਕ ਸੁਰੱਖਿਅਤ ਸਨ, 21 ਜ਼ਖਮੀ ਸਨ।
ਫੜਨਵੀਸ ਨੇ ਅੱਗੇ ਕਿਹਾ ਕਿ “ਡਿਜ਼ਾਸਟਰ ਮੈਨੇਜਮੈਂਟ ਆਪ੍ਰੇਸ਼ਨ ਅਤੇ ਇੱਕ ਬੇਸ ਕੈਂਪ ਤਲਹਟੀ ‘ਤੇ ਸਥਾਪਿਤ ਕੀਤਾ ਗਿਆ ਹੈ ਕਿਉਂਕਿ ਜੇਸੀਬੀ ਮਸ਼ੀਨਾਂ ਜਾਂ ਕਿਸੇ ਹੋਰ ਵਾਹਨ ਲਈ ਆਫ਼ਤ ਵਾਲੀ ਥਾਂ ‘ਤੇ ਪਹੁੰਚਣਾ ਅਸੰਭਵ ਹੈ। ਪਿੰਡ ਵਿੱਚ ਇੱਕ ਵਿਅਕਤੀ ਨੂੰ ਪਹਾੜੀ ਤੋਂ ਪੈਦਲ ਚੱਲਣ ਵਿੱਚ ਡੇਢ ਘੰਟੇ ਦਾ ਸਮਾਂ ਲੱਗਦਾ ਹੈ ਅਤੇ ਇਹ ਸਿਰਫ਼ ਯੋਗ ਆਦਮੀਆਂ ਅਤੇ ਟ੍ਰੈਕਰਾਂ ਲਈ ਪਹੁੰਚਯੋਗ ਹੈ, ਜੋ ਇਸ ਸਮੇਂ ਹੱਥੀਂ ਬਚਾਅ ਕਾਰਜਾਂ ਵਿੱਚ ਸ਼ਾਮਲ ਹਨ ”
ਘਟਨਾ ਸਥਾਨ ਉੱਤੇ ਪਹੁੰਚੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਮਹਾਰਾਸ਼ਟਰ ਦੇ ਰਾਏਗੜ੍ਹ ‘ਚ ਜ਼ਮੀਨ ਖਿਸਕਣ ਕਾਰਨ 15 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ, ਬਚਾਅ ਕਾਰਜ ਜੰਗੀ ਪੱਧਰ ‘ਤੇ ਚੱਲ ਰਹੇ ਹਨ ਅਤੇ ਖ਼ਰਾਬ ਮੌਸਮ ਕਾਰਨ ਹਵਾਈ ਬਚਾਅ ਕਾਰਜਾਂ ਲਈ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ।
5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ
ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਹਾਰਾਸ਼ਟਰ ਸਰਕਾਰ ਵੱਲੋਂ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਜ਼ਖਮੀਆਂ ਦੇ ਇਲਾਜ ਦਾ ਖਰਚਾ ਵੀ ਸਰਕਾਰ ਚੁੱਕੇਗੀ।
ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ
ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਸੂਬੇ ਦੇ 4 ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਰਾਏਗੜ੍ਹ ਜ਼ਿਲ੍ਹੇ ਵਿੱਚ 6 ਵਿੱਚੋਂ 3 ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਇਨ੍ਹਾਂ ਵਿੱਚ ਅੰਬਾ, ਸਾਵਿਤਰੀ ਅਤੇ ਪਾਤਾਲਗੰਗਾ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕੁੰਡਲਿਕਾ, ਗੜ੍ਹੀ ਅਤੇ ਉਲਹਾਸ ਨਦੀਆਂ ਦਾ ਜਲ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ। ਹੜ੍ਹ ਵਰਗੀ ਸਥਿਤੀ ਦੇ ਵਿਚਕਾਰ, ਰਾਜ ਵਿੱਚ 12 NDRF ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।