‘ਦ ਖ਼ਾਲਸ ਬਿਊਰੋ : ਪੰਜਾਬ ਦੇ ਕਿਸਾਨ ਦੀ ਜੂਨ ਤਾਂ ਸੱਚਮੁੱਚ ਬੁਰੀ ਹੈ। ਹਾੜੀ ਦੀ ਫਸਲ ‘ਚ ਦਾਣਾ ਸੁੰਗੜਣ ਨਾਲ ਘਾਟਾ ਖਾ ਲਿਆ। ਮਾਲਵੇ ਦੇ ਕਿਸਾਨ ਦੇ ਨਰਮੇ ਨੂੰ ਗੁਲਾਬੀ ਸੁੰਡੀ ਨੇ ਬਰਬਾਦ ਕਰ ਦਿੱਤਾ। ਹੁਣ ਹਜ਼ਾਰਾ ਏਕੜ ਝੋਨਾ ਹੜ੍ਹਾਂ ਦੀ ਲਪੇਟ ‘ਚ ਆ ਗਿਆ ਹੈ। ਉਪਰੋਂ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਡਜੀਜ (ਧੱਫੜ ਰੋਗ) ਨੇ ਕਿਸਾਨਾਂ ਦੀਆਂ ਅੱਖਾਂ ਵਿੱਚ ਅੱਥਰੂ ਲਿਆ ਦਿੱਤੇ ਹਨ। ਪੰਜਾਬ ਵਿੱਚ ਵਿਦੇਸ਼ੀ ਬਿਮਾਰੀ ਧੱਫੜ ਰੋਗ ਨਾਲ ਹਰ ਰੋਜ਼ ਪੰਜ ਪਸ਼ੂ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਪਿਛਲੇ ਇੱਕ ਮਹੀਵੇ ਵਿੱਚ ਕਿਸਾਨਾਂ ਦੇ 160 ਲਵੇਰਿਆਂ ਦੀ ਮੌਤ ਹੋ ਚੁੱਕੀ ਹੈ ਅਤੇ 3 ਹਜ਼ਾਰ ਲਾਗ ਦੀ ਲਪੇਟ ਵਿੱਚ ਆ ਚੁੱਕੇ ਹਨ । ਉਂਝ ਹੁਣ ਤੱਕ ਤਿੰਨ ਸੌ ਪਸ਼ੂਆਂ ਨੂੰ ਇਹ ਬਿਮਾਰੀ ਨਿਗਲ ਚੁੱਕੀ ਹੈ।
ਮੁਕਤਸਰ ਜਿਲ੍ਹੇ ਵਿਚ ਸਭ ਤੋਂ ਵੱਧ ਸੌ ਦੇ ਕਰੀਬ ਪਸ਼ੂਆਂ ਦਾ ਬਿਮਾਰੀ ਨਾਰ ਮੌਤ ਹੋ ਚੁੱਕੀ ਹੈ। ਜਦਕਿ ਹਜ਼ਾਰਾਂ ਵਿੱਚ ਬਿਮਾਰੀ ਦੇ ਲੱਛਣ ਪਾਏ ਗਏ ਹਨ। ਮਾਲਵਾ ਖੇਤਰ ਦਾ ਸਭ ਤੋਂ ਬੁਰਾ ਹਾਲ ਹੈ। ਦੋ ਜਿਲ੍ਹਿਆਂ ਰੋਪੜ ਅਤੇ ਕਪੂਰਥਲਾ ਵਿੱਚ ਬਿਮਾਰੀ ਦਾ ਕਹਿਰ ਘੱਟ ਦੱਸਿਆ ਜਾ ਰਿਹਾ ਹੈ। ਸਿਤਮ ਦੀ ਗੱਲ ਇਹ ਕਿ ਮੱਝਾਂ ਦੀ ਨਿਸਬਤ ਗਾਵਾਂ ਨੂੰ ਇੰਨਫੈਕਸ਼ਨ ਜਲਦੀ ਅਤੇ ਵਧੇਰੇ ਪਕੜ ਰਹੀ ਹੈ।
ਪਸ਼ੂ ਪਾਲਣ ਵਿਭਾਗ ਦੇ ਸੰਯੁਕਤ ਡਾਇਰਕੈਟਰ ਆਰਪੀ ਮਿੱਤਲ ਨੇ ਬਿਮਾਰੀ ਨੂੰ ਮਹਾਂਮਾਰੀ ਦਾ ਨਾਂ ਦਿੰਦਿਆਂ ਮੌਤ ਦੇ ਅੰਕੜਿਆਂ ਦਾ ਪੁਸ਼ਟੀ ਕੀਤੀ ਹੈ। ਵਿਭਾਗ ਦੇ ਅਧਿਕਾਰੀਆਂ ਨੇ ਇੱਕ ਤਰ੍ਹਾਂ ਨਾਲ ਬਿਮਾਰੀ ਅੱਗੇ ਹਾਲ ਦੀ ਘੜੀ ਹੱਥ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਿਮਾਰੀ ‘ਤੇ ਕਾਬੂ ਪਾਉਣ ਦੀ ਕੋਈ ਸੀਮਾ ਨਹੀਂ ਦੱਸੀ ਜਾ ਸਕਦੀ। ਲੰਪੀ ਸਕਿਨ ਡਜੀਜ ਨਾਲ ਪਸ਼ੂਆਂ ਦੇ ਮੂੰਹ ਵਿੱਚੋਂ ਝੱਗ ਜਾਂ ਲੱਗਦੀ ਹੈ । ਅੱਕਾਂ ਅਤੇ ਨੱਕ ਵਿੱਚੋਂ ਪਾਣੀ ਡਿਗਣ ਲੱਗਦਾ ਹੈ। ਮੂੰਹ ਅਤੇ ਸਰੀਰ ਦੇ ਦੂਜੇ ਹਿੱਸਿਆਂ ‘ਤੇ ਧੱਫੜ ਪੈ ਜਾਂਦੇ ਹਨ ਜਿਹੜੇ ਕਈ ਵਾਰ ਜ਼ਖ਼ਮ ਦਾ ਰੂਪ ਵੀ ਧਾਰਨ ਕਰ ਲੈਂਦੇ ਹਨ। ਬਿਮਾਰੀ ਤੋਂ ਪੀੜਤ ਪਸ਼ੂ ਦੁੱਧ ਘੱਟ ਦੇਣਾ ਸ਼ੁਰੂ ਕਰ ਦਿੰਦਾ ਹੈ। ਬਿਮਾਰ ਪਸ਼ੂ ਦਾ ਬੁਖਾਰ 105 ਤੋਂ 107 ਡਿਗਰੀ ਤੱਕ ਪਹੁੰਚ ਜਾਂਦਾ ਹੈ। ਕਈ ਵਾਰ ਪਸ਼ੂ ਚਾਰਾ ਖਾਣਾ ਵੀ ਛੱਡ ਦਿੰਦੇ ਹਨ।
ਸਰਕਾਰ ਦੇ ਅਧਿਕਾਰਤ ਸੂਤਰਾਂ ਅਨੁਸਾਰ ਬਿਮਾਰੀ ਦਾ ਪ੍ਰਕੋਪ ਸਭ ਤੋਂ ਵੱਧ ਮੁਕਤਸਰ , ਫ਼ਾਜਿਲਕਾ ਅਤੇ ਬਰਨਾਲਾ ਵਿੱਚ ਚੱਲ ਰਿਹਾ ਹੈ। ਇੱਕਲੇ ਫਾਜਿਲਕਾ ਵਿੱਚ ਤਿੰਨ ਦਰਜਨ ਪਸ਼ੂਆਂ ਦਾ ਮੌਤ ਹੋ ਚੁੱਕੀ ਹੈ। ਇਸ ਜਿਲ੍ਹੇ ਦੀ ਸੀਮਾ ਰਾਜਸਥਾਨ ਨਾਲ ਲੱਗਦਾ ਹੋਣ ਕਰਕੇ ਸਭ ਤੋਂ ਪਹਿਲਾਂ ਬਿਮਾਰੀ ਨੇ ਇੱਥੇ ਜ਼ੋਰ ਫੜਿਆ ਸੀ। ਪਸ਼ੂ ਪਾਲਣ ਵਿਭਾਗ ਵੱਲੋਂ ਇਲਾਜ ਲਈ 70 ਲੱਖ ਰੁਪਏ ਜਾਰੀ ਕੀਤੇ ਗਏ ਹਨ। ਪੰਜਾਬ ਤੋਂ ਬਾਅਦ ਹਰਿਆਣਾ ਵਿੱਚ ਵੀ ਬਿਮਾਰੀ ਫੈਲਣੀ ਸ਼ੁਰੂ ਹੋ ਗਈ ਹੈ।
ਇੱਕ ਸੁਖਦ ਖ਼ਬਰ ਇਹ ਹੈ ਕਿ ਪਸ਼ੂਆਂ ਤੋਂ ਇੰਨਸਾਨਾਂ ਨੂੰ ਇੰਨਫੈਕਸ਼ਨ ਨਹੀਂ ਹੁੰਦੀ ਹੈ। ਜਿਸ ਕਰਕੇ ਉਹ ਖੁੱਲ ਕੇ ਦੇਖਭਾਲ ਕਰ ਸਕਦੇ ਹਨ ਪਰ ਡਾਕਟਰਾਂ ਦੀ ਨਸੀਅਤ ਹੈ ਕਿ ਬਿਮਾਰ ਪਸ਼ੂਆਂ ਦੀ ਸਾਂਭ ਸੰਭਾਲ ਕਰਨ ਵਾਲੇ ਹੋ ਸਕੇ ਤਾਂ ਤੰਦਰੁਸਤ ਪਸ਼ੂਆਂ ਤੋਂ ਦੂਰ ਰਹਿਣ । ਮਿਡਲ ਈਸਟ ਦੇਸ਼ਾਂ ਦੀ ਇਹ ਬਿਮਾਰੀ ਪੰਜਾਬ ਵਿੱਚ ਇਸ ਵਾਰ ਨਵੇਂ ਅਤੇ ਗੰਭੀਰ ਰੂਪ ਵਿੱਚ ਕਹਿਰ ਵਰਤਾਉਣ ਲੱਗੀ ਹੈ। ਇੱਥੇ ਇਹ ਦੱਸਣਾ ਜਰੂਰੀ ਹੋਵੇਗਾ ਕਿ ਸਰਕਾਰ ਵੱਲੋਂ ਪੈਸੇ ਤਾਂ ਜਾਰੀ ਕਰ ਦਿੱਤੇ ਗਏ ਹਨ ਪਰ ਇਲਾਜ ਦਾ ਦਾਅਵਾ ਨਹੀਂ ਕੀਤਾ ਜਾ ਰਿਹਾ। ਪਹਿਲਾਂ ਹੀ ਆਰਥਿਕ ਬੋਝ ਥੱਲੇ ਪਿਸ ਰਹੇ ਕਿਸਾਨ ਦਾ ਸੱਚਮੁੱਚ ਅੱਖਾਂ ਨਹੀਂ ਦਿਲ ਰੋਂਦੈ।