‘ਦ ਖ਼ਾਲਸ ਬਿਊਰੋ : ਚੰਡੀਗੜ੍ਹ ਪੁਲਿਸ ( Chandigarh Police ) ਨੇ ਬਿੱਲਾਂ ਵਿੱਚ ਘਪਲੇਬਾਜ਼ੀ ਕਰ ਕੇ ਸਰਕਾਰੀ ਖ਼ਜ਼ਾਨੇ ਨੂੰ ਜੀਐੱਸਟੀ ਟੈਕਸ ’ਚ ਕਰੋੜਾਂ ਦਾ ਖੋਰਾ ਲਗਾਉਣ ਵਾਲੇ ਜੀਜਾ-ਸਾਲੇ ਸਣੇ ਕੁੱਲ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਨੌਕਰਾਣੀ ਦੇ ਨਾਮ ’ਤੇ ਜਾਅਲੀ ਫਰਮ ਬਣਾ ਕੇ ਇਹ ਹੇਰਾਫੇਰੀ ਕਰ ਰਹੇ ਸਨ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਈਸ਼ਵਰ ਚੰਦ ਵਾਸੀ ਪਿੰਡ ਬੁੜੈਲ ਚੰਡੀਗੜ੍ਹ, ਯਸ਼ਪਾਲ ਜਿੰਦਲ ਸੈਕਟਰ 37 ਸੀ ਚੰਡੀਗੜ੍ਹ, ਵਿਨੈ ਜੈਨ ਵਾਸੀ ਪੰਜਾਬੀ ਬਾਗ ਨਵੀਂ ਦਿੱਲੀ, ਸੁਸ਼ੀਲ ਸਿੰਗਲਾ ਵਾਸੀ ਪੀਤਮਪੁਰਾ ਨਵੀਂ ਦਿੱਲੀ ਅਤੇ ਅਨੁਰਾਧਾ ਵਾਸੀ ਖੁੱਡਾ ਲਹੌਰਾ ਵਜੋਂ ਹੋਈ ਹੈ।
ਪੁਲਿਸ ਅਨੁਸਾਰ ਇਹ ਮੁਲਜ਼ਮ ਜੀਐੱਸਟੀ ਧੋਖਾਧੜੀ ਦੇ ਦੋ ਮਾਮਲਿਆਂ ਵਿੱਚ ਸ਼ਾਮਲ ਸਨ। ਉਨ੍ਹਾਂ ਵੱਲੋਂ ਜਾਅਲੀ ਚਲਾਨਾਂ ਦੇ ਅਧਾਰ ’ਤੇ ਜੀਐੱਸਟੀ ਦਾ ਇਨਪੁੱਟ ਕ੍ਰੈਡਿਟ ਪ੍ਰਾਪਤ ਕਰ ਕੇ ਕੁੱਲ 11 ਕਰੋੜ ਰੁਪਏ ਦੀ ਠੱਗੀ ਕੀਤੀ ਗਈ ਹੈ। ਪੁਲਿਸ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਦੇ ਆਬਕਾਰੀ ਅਤੇ ਕਰ ਅਫਸਰ ਵੱਲੋਂ ਕੀਤੀ ਗਈ ਸ਼ਿਕਾਇਤ ’ਤੇ 13 ਦਸੰਬਰ 2019 ਨੂੰ ਚੰਡੀਗੜ੍ਹ ਦੇ ਪਿੰਡ ਖੁੱਡਾ ਲਹੌਰਾ ਦੀ ਇੱਕ ਫਰਮ ਏ.ਕੇ. ਟਰੇਡਿੰਗ ਕੰਪਨੀ ਖ਼ਿਲਾਫ਼ ਜੀਐੱਸਟੀ ਵਿੱਚ ਹੇਰਾਫੇਰੀ ਨੂੰ ਲੈ ਕੇ ਇੱਕ ਐੱਫਆਈਆਰ ਦਰਜ ਕੀਤੀ ਗਈ ਸੀ।
ਆਬਕਾਰੀ ਵਿਭਾਗ ਵਲੋਂ ਕੀਤੀ ਸ਼ਿਕਾਇਤ ਅਨੁਸਾਰ ਫਰਮ ਦੇ ਮਾਲਕ ਵਲੋਂ ਦਿੱਤੇ ਗਏ ਪਤੇ ’ਤੇ ਕੋਈ ਅਜਿਹੀ ਫਰਮ ਨਹੀਂ ਮਿਲੀ ਅਤੇ ਨਾ ਹੀ ਕੋਈ ਕਾਰੋਬਾਰੀ ਗਤੀਵਿਧੀ ਸੀ।
ਪੁਲਿਸ ਅਨੁਸਾਰ ਇਸ ਘੁਟਾਲੇ ਦੇ ਮੁੱਖ ਮੁਲਜ਼ਮ ਈਸ਼ਵਰ ਚੰਦ ਨੇ ਚੰਡੀਗੜ੍ਹ ਦੇ ਪਿੰਡ ਖੁੱਡਾ ਜੱਸੂ ਦੇ ਪਲਾਟ ਨੰਬਰ 260 ਵਿੱਚ ਅਨੁਰਾਧਾ ਸ਼ਰਮਾ ਦੇ ਨਾਮ ’ਤੇ ਫਰਮ ਬਣਾਈ ਹੋਈ ਸੀ, ਜਿੱਥੇ ਕੋਈ ਕਾਰੋਬਾਰੀ ਗਤੀਵਿਧੀ ਨਹੀਂ ਚੱਲ ਰਹੀ ਸੀ। ਗ੍ਰਿਫਤਾਰ ਕੀਤੇ ਗਏ ਦੋ ਮੁਲਜ਼ਮ ਈਸ਼ਵਰ ਚੰਦ ਅਤੇ ਯਸ਼ਪਾਲ ਜਿੰਦਲ ਰਿਸ਼ਤੇਦਾਰ ਹਨ। ਪੁੱਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਈਸ਼ਵਰ ਚੰਦ ਨੇ ਯਸ਼ਪਾਲ ਜਿੰਦਲ ਨਾਲ ਮਿਲੀਭੁਗਤ ਕੀਤੀ ਸੀ ਅਤੇ ਵਿੱਕੀ ਜੈਨ ਨੇ ਦਿੱਲੀ ਵਿੱਚ ਸੀਏ ਸੁਸ਼ੀਲ ਸਿੰਗਲਾ ਦੇ ਦਫ਼ਤਰ ਵਿੱਚ ਜਾਅਲੀ ਫਰਮਾਂ ਅਤੇ ਬੈਂਕ ਖਾਤੇ ਖੋਲ੍ਹਣ ਲਈ ਜਾਅਲੀ ਕਾਰੋਬਾਰੀ ਲੈਣ-ਦੇਣ ਕਰਨ ਲਈ ਇੱਕ ਸਾਜ਼ਿਸ਼ ਰਚੀ ਸੀ, ਜਿਸ ਨਾਲ ਜੀਐੱਸਟੀ ਲਾਭ ਅਤੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਗਿਆ।
ਇਸ ਤਹਿਤ ਉਨ੍ਹਾਂ ਨੇ ਏ.ਕੇ. ਟਰੇਡਿੰਗ ਕੰਪਨੀ ਦੇ ਨਾਂ ‘ਤੇ ਸਕਰੈਪ ਦੀ ਇੱਕ ਫ਼ਰਜ਼ੀ ਫਰਮ ਖੋਲ੍ਹੀ ਅਤੇ ਸਰਕਾਰ ਤੋਂ ਜੀਐੱਸਟੀ ਰਿਫੰਡ ਪ੍ਰਾਪਤ ਕਰਨ ਲਈ ਜਾਅਲੀ ਬਿੱਲ ਤਿਆਰ ਕੀਤੇ।
ਮੁਲਜ਼ਮ ਈਸ਼ਵਰ ਚੰਦ ਨੂੰ ਇਸ ਮਹੀਨੇ 3 ਦਸੰਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਹੋਰ ਪੜਤਾਲ ਤੋਂ ਬਾਅਦ ਯਸ਼ਪਾਲ ਜਿੰਦਲ, ਵਿਨੈ ਜੈਨ ਵਾਸੀ ਨਵੀਂ ਦਿੱਲੀ ਨੂੰ ਗ੍ਰਿਫਤਾਰ ਕੀਤਾ ਗਿਆ। ਸੀਏ ਸੁਸ਼ੀਲ ਸਿੰਗਲਾ ਵਾਸੀ ਨਵੀਂ ਦਿੱਲੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।