India

‘ਪਹਿਲਾਂ ਸਿਹਤ ਮੰਤਰੀ ਨੂੰ ਗ੍ਰਿਫਤਾਰ ਕੀਤਾ, ਹੁਣ ਮੇਰੀ ਵਾਰੀ’

ਦ ਖ਼ਾਲਸ ਬਿਊਰੋ : ਸੀਬੀਆਈ ਨੇ ਕੱਲ੍ਹ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਛਾਪੇਮਾਰੀ ਕੀਤੀ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦਾ ਬਚਾਅ ਕੀਤਾ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੀ ਸਿੱਖਿਆ ਤੇ ਸਿਹਤ ਨੀਤੀ ਦੀ ਪੂਰੀ ਦੁਨੀਆ ਵਿੱਚ ਚਰਚਾ ਹੋ ਰਹੀ ਹੈ। ਇਸ ਨੂੰ ਕੇਂਦਰ ਸਰਕਾਰ ਰੋਕਣਾ ਚਾਹੁੰਦੀ ਹੈ, ਇਸ ਕਰਕੇ ਦਿੱਲੀ ਦੇ ਸਿਹਤ ਅਤੇ ਸਿੱਖਿਆ ਮੰਤਰੀ ਦੇ ਘਰ ਛਾਪੇਮਾਰੀ ਅਤੇ ਗ੍ਰਿਫ਼ਤਾਰੀ ਹੋ ਰਹੀ ਹੈ। ਅੱਜ ਮਨੀਸ਼ ਸਿਸੋਦੀਆ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ।

ਸਿਸੋਦੀਆ ਨੇ ਕਿਹਾ ਕਿ ਬੀਜੇਪੀ ਸੀਐੱਮ ਕੇਜਰੀਵਾਲ ਨੂੰ ਰੋਕਣ ਦੇ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਆਬਕਾਰੀ ਨੀਤੀ ਉੱਤੇ ਵਿਵਾਦ ਖੜਾ ਕੀਤਾ ਜਾ ਰਿਹਾ ਹੈ, ਉਹ ਇਸ ਦੇਸ਼ ਦੀ ਸਭ ਤੋਂ ਵਧੀਆ ਆਬਕਾਰੀ ਨੀਤੀ ਹੈ। ਅਸੀਂ ਇਸਨੂੰ ਪੂਰੀ ਪਾਰਦਸ਼ਤਾ ਅਤੇ ਇਮਾਨਦਾਰੀ ਨਾਲ ਲਾਗੂ ਕਰ ਰਹੇ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸੀਬੀਆਈ ਦੀ ਐੱਫਆਈਆਰ ਵਿੱਚ ਬੀਜੇਪੀ ਲੀਡਰਾਂ ਦੇ ਲਗਾਏ ਗਏ ਦੋਸ਼ਾਂ ਦਾ ਜ਼ਿਕਰ ਵੀ ਨਹੀਂ ਹੈ ਅਤੇ ਇਹ ਪੂਰਾ ਵਿਵਾਦ ਇਸ ਲਈ ਖੜਾ ਹੋ ਰਿਹਾ ਹੈ ਕਿਉਂਕਿ ਬੀਜੇਪੀ ਅਰਵਿੰਦ ਕੇਜਰੀਵਾਲ ਤੋਂ ਡਰਦੀ ਹੈ। ਸਿਸੋਦੀਆ ਨੇ ਕਿਹਾ ਕਿ ਪਹਿਲਾਂ ਸਿਹਤ ਮੰਤਰੀ ਨੂੰ ਗ੍ਰਿਫਤਾਰ ਕੀਤਾ ਅਤੇ ਹੁਣ ਕੁਝ ਦਿਨਾਂ ਵਿੱਚ ਮੈਨੂੰ ਵੀ ਗ੍ਰਿਫਤਾਰ ਕਰ ਲੈਣਗੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਾਲ 2024 ਦੀਆਂ ਚੋਣਾਂ ਆਮ ਆਦਮੀ ਪਾਰਟੀ ਬਨਾਮ ਭਾਰਤੀ ਜਨਤਾ ਪਾਰਟੀ ਦੇ ਆਧਾਰ ਉੱਤੇ ਹੋਣ ਜਾ ਰਹੀਆਂ ਹਨ। ਹੁਣ ਪੂਰੇ ਦੇਸ਼ ਦਾ ਮਾਹੌਲ ਬਣ ਰਿਹਾ ਹੈ ਕਿ ਮੋਦੀ ਨਹੀਂ ਚਾਹੀਦਾ।

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ

ਉਨ੍ਹਾਂ ਨੇ ਕਿਹਾ ਕਿ ਬੀਜੇਪੀ ਦੇ ਲੀਡਰ 8 ਹਜ਼ਾਰ ਕਰੋੜ ਅਤੇ 1100 ਕਰੋੜ ਦੇ ਘੁਟਾਲਿਆਂ ਦੀ ਗੱਲ ਕਰ ਰਹੇ ਹਨ। ਉਪ ਰਾਜਪਾਲ ਨੇ ਕਿਹਾ ਸੀ ਕਿ ਮਨੀਸ਼ ਸਿਸੋਦੀਆ ਨੇ 144 ਕਰੋੜ ਦਾ ਘੁਟਾਲਾ ਕੀਤਾ ਹੈ। ਪਰ ਸੀਬੀਆਈ ਦੀ ਐੱਫਆਈਆਰ ਵਿੱਚ ਨਾ ਅੱਠ ਹਜ਼ਾਰ ਕਰੋੜ, ਨਾ 1100 ਕਰੋੜ ਅਤੇ ਨਾ ਹੀ 144 ਕਰੋੜ ਦੇ ਘੁਟਾਲੇ ਦਾ ਜ਼ਿਕਰ ਸੀ। ਉਸ ਵਿੱਚ ਲਿਖਿਆ ਸੀ ਕਿ ਸੂਤਰ ਕਹਿ ਰਹੇ ਹਨ ਕਿ ਇੱਕ ਕਰੋੜ ਦਾ ਘੁਟਾਲਾ ਹੋਇਆ ਹੈ।

ਮਨੀਸ਼ ਸਿਸੋਦੀਆ ਨੇ ਦੋਸ਼ ਲਗਾਇਆ ਕਿ ਮੁੱਦਾ ਸ਼ਰਾਬ ਘੁਟਾਲਾ ਹੈ ਹੀ ਨਹੀਂ। ਜੇ ਇਨ੍ਹਾਂ ਨੂੰ ਘੁਟਾਲੇ ਦੀ ਚਿੰਤਾ ਹੁੰਦੀ ਤਾਂ ਗੁਜਰਾਤ ਵਿੱਚ ਸੀਬੀਆਈ ਕਿਉਂ ਨਹੀਂ ਭੇਜਦੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੀ ਪਰੇਸ਼ਾਨੀ ਅਰਵਿੰਦ ਕੇਜਰੀਵਾਲ ਹੈ। ਉਹ ਜਿਸ ਤਰ੍ਹਾਂ ਨਾਲ ਪੂਰੇ ਦੇਸ਼ ਵਿੱਚ ਇੱਕ ਕੰਮ ਕਰਨ ਵਾਲੇ ਇਮਾਨਦਾਰ ਨੇਤਾ ਦੇ ਤੌਰ ਉੱਤੇ ਪਹਿਚਾਣ ਬਣਾਉਂਦੇ ਜਾ ਰਹੇ ਹਨ ਅਤੇ ਪੂਰੇ ਦੇਸ਼ ਦੇ ਲੋਕ ਹੁਣ ਉਨ੍ਹਾਂ ਨੂੰ ਪਸੰਦ ਕਰਨ ਲੱਗੇ ਹਨ ਤਾਂ ਇਹ ਉਨ੍ਹਾਂ ਦੀ ਪਰੇਸ਼ਾਨੀ ਹੈ। ਪੰਜਾਬ ਤੋਂ ਬਾਅਦ ਤਾਂ ਕੇਜਰੀਵਾਲ ਨੂੰ ਇੱਕ ਰਾਸ਼ਟਰੀ ਵਿਕਲਪ ਦੇ ਤੌਰ ਉੱਤੇ ਦੇਖਿਆ ਜਾਣ ਲੱਗਾ ਹੈ। ਇਹ ਜੋ ਪੂਰੀ ਕਾਰਵਾਈ ਮੇਰੇ ਖਿਲਾਫ਼ ਹੋ ਰਹੀ ਹੈ, ਉਹ ਕੇਜਰੀਵਾਲ ਨੂੰ ਰੋਕਣ ਦੇ ਲਈ ਹੋ ਰਹੀ ਹੈ। ਸਿਸੋਦੀਆ ਨੇ ਨਿਊਯਾਰਕ ਟਾਈਮਜ਼ ਵਿੱਚ ਛਪੀ ਦਿੱਲੀ ਦੇ ਸਕੂਲਾਂ ਬਾਰੇ ਵੀ ਜ਼ਿਕਰ ਕੀਤਾ, ਹਾਲਾਂਕਿ, ਅਜਿਹੀ ਕੋਈ ਵੀ ਖ਼ਬਰ ਨਿਊਯਾਰਕ ਟਾਈਮਜ਼ ਅਖ਼ਬਾਰ ਵਿੱਚ ਨਹੀਂ ਦਿਸੀ।