India Punjab

ਭਾਜਪਾ ਦਫ਼ਤਰ ਗ੍ਰਨੇਡ ਕੇਸ! ਪੁਲਿਸ ਨੇ ਫੜੇ ਗਏ 5 ਮੁਲਜ਼ਮਾਂ ਦੀ ਤਸਵੀਰ ਕੀਤੀ ਜਾਰੀ

ਚੰਡੀਗੜ੍ਹ (5 ਅਪ੍ਰੈਲ, 2026): ਚੰਡੀਗੜ੍ਹ ਦੇ ਸੈਕਟਰ-37 ਸਥਿਤ ਪੰਜਾਬ ਭਾਜਪਾ ਹੈੱਡਕੁਆਰਟਰ ’ਤੇ ਗ੍ਰਨੇਡ ਹਮਲਾ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਪੰਜਾਬ ਪੁਲਿਸ ਨੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਲੀ ਤਸਵੀਰ ਵੀ ਜਨਤਕ ਹੋ ਗਈ ਹੈ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਹਿਮਾਚਲ ਪ੍ਰਦੇਸ਼ ਦੇ ਰੋਹੜੂ ਦਾ ਰਹਿਣ ਵਾਲਾ ਹੈ, ਜਦਕਿ ਬਾਕੀ ਚਾਰ ਪੰਜਾਬ ਨਾਲ ਸਬੰਧਤ ਹਨ।

ਮੁਲਜ਼ਮਾਂ ਦੀ ਪਛਾਣ:

  1. ਬਲਵਿੰਦਰ ਲਾਲ ਉਰਫ਼ ਸ਼ਾਮੀ (ਐਸ.ਬੀ.ਐਸ. ਨਗਰ)
  2. ਜਸਵੀਰ ਸਿੰਘ (ਐਸ.ਬੀ.ਐਸ. ਨਗਰ)
  3. ਚਰਨਜੀਤ ਸਿੰਘ ਉਰਫ਼ ਚੰਨੀ (ਐਸ.ਬੀ.ਐਸ. ਨਗਰ)
  4. ਰੂਬਲ ਚੌਹਾਨ (ਤਹਿਸੀਲ ਰੋਹੜੂ, ਸ਼ਿਮਲਾ)
  5. ਮਨਦੀਪ ਉਰਫ਼ ਅਭਿਜੋਤ (ਧੂਰੀ, ਸੰਗਰੂਰ)

ਇਨ੍ਹਾਂ ਸਾਰਿਆਂ ਖ਼ਿਲਾਫ਼ ਮੁਹਾਲੀ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਵਿਖੇ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਫਿਲਹਾਲ ਇਹ ਪੰਜਾਬ ਪੁਲਿਸ ਦੇ ਰਿਮਾਂਡ ’ਤੇ ਹਨ ਅਤੇ ਜਲਦੀ ਹੀ ਚੰਡੀਗੜ੍ਹ ਪੁਲਿਸ ਇਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਵੇਗੀ।

ISI ਅਤੇ ਵਿਦੇਸ਼ੀ ਹੈਂਡਲਰਾਂ ਦਾ ਨੈੱਟਵਰਕ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਮਾਡਿਊਲ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ISI ਦੁਆਰਾ ਸਮਰਥਿਤ ਸੀ। ਇਹ ਮੁਲਜ਼ਮ ਪੁਰਤਗਾਲ ਅਤੇ ਜਰਮਨੀ ਵਿੱਚ ਬੈਠੇ ਹੈਂਡਲਰਾਂ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੇ ਸਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੁਰਤਗਾਲ ਸਥਿਤ ਹੈਂਡਲਰ ਬਲਜੋਤ ਸਿੰਘ ਉਰਫ਼ ਜੋਤ ਦੇ ਨਿਰਦੇਸ਼ਾਂ ’ਤੇ ਹਥਿਆਰਾਂ ਅਤੇ ਗ੍ਰਨੇਡ ਦੀ ਖੇਪ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਈ ਗਈ ਸੀ। ਪੁਲਿਸ ਨੇ ਇਨ੍ਹਾਂ ਕੋਲੋਂ ਇੱਕ ਹੈਂਡ ਗ੍ਰਨੇਡ, ਇੱਕ .30 ਬੋਰ ਦੀ ਜਿਗਾਨਾ ਪਿਸਤੌਲ ਅਤੇ 15 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਬਦਲੇ ਦੀ ਕਾਰਵਾਈ ਵਜੋਂ ਹੋਇਆ ਸੀ ਹਮਲਾ

ਜ਼ਿਕਰਯੋਗ ਹੈ ਕਿ ਬੁੱਧਵਾਰ ਸ਼ਾਮ ਨੂੰ ਭਾਜਪਾ ਦਫ਼ਤਰ ਦੇ ਬਾਹਰ ਹੋਏ ਇਸ ਧਮਾਕੇ ਦੀ ਜ਼ਿੰਮੇਵਾਰੀ ਖ਼ਾਲਿਸਤਾਨ ਸਮਰਥਕਾਂ ਨੇ ਸੋਸ਼ਲ ਮੀਡੀਆ ’ਤੇ ਲਈ ਸੀ। ਉਨ੍ਹਾਂ ਨੇ ਇਸ ਨੂੰ ਗੁਰਦਾਸਪੁਰ ਮੁਕਾਬਲੇ ਵਿੱਚ ਮਾਰੇ ਗਏ ਨੌਜਵਾਨ ਦੀ ਮੌਤ ਦਾ ਬਦਲਾ ਦੱਸਿਆ ਸੀ। ਹਮਲੇ ਦੀ ਇੱਕ 13 ਸੈਕਿੰਡ ਦੀ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਤੋਂ ਬਾਅਦ NIA, ਚੰਡੀਗੜ੍ਹ ਪੁਲਿਸ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਜਾਂਚ ਵਿੱਚ ਜੁਟ ਗਈਆਂ ਸਨ।