Punjab Religion

ਸਿਲੈਕਟ ਕਮੇਟੀ ਦੀ ਹੋਈ ਪਹਿਲੀ ਮੀਟਿੰਗ, ਬੇਅਦਬੀ ਕਾਨੂੰਨ ਬਣਾਉਣ ਨੂੰ ਲੈ ਕੇ ਹੋਈ ਚਰਚਾ

ਬੇਅਦਬੀ ਕਾਨੂੰਨ ਨੂੰ ਲੈ ਕੇ ਬਣਾਈ ਗਈ ਸਿਲੈਕਟ ਕਮੇਟੀ ਅੱਜ ਪਹਿਲੀ ਮੀਟਿੰਗ ਹੋਈ, ਜਿਸ ਵਿੱਚ ਬੇਅਦਬੀ ਕਾਨੂੰਨ ਬਣਾਉਣ ਨੂੰ ਲੈ ਕੇ ਚਰਚਾ ਕੀਤੀ ਗਈ ਹੈ। ਇਹ ਮੀਟਿੰਗ ਪੰਜਾਬ ਵਿਧਾਨ ਸਭਾ ਵਿੱਚ ਹੋਈ ਜਿਸ ਵਿੱਚ 15 ਮੈਂਬਰ ਸ਼ਾਮਲ ਸਨ।

ਮੀਟਿੰਗ ਤੋਂ ਮੀਡੀਆ ਨਾਲ ਗੱਲ ਕਰਦਿਆਂ ਕਮੇਟੀ ਦੇ ਚੇਅਰਮੈਨ ਡਾ. ਇੰਦਰਬੀਰ ਨਿੱਝਰ ਨੇ ਕਿਹਾ ਕਿ ਰਿਪੋਰਟ ਛੇ ਮਹੀਨਿਆਂ ਦੇ ਅੰਦਰ ਸਪੀਕਰ ਨੂੰ ਸੌਂਪ ਦਿੱਤੀ ਜਾਵੇਗੀ।  ਉਨ੍ਹਾਂ ਨੇ ਕਿਹਾ ਕਿ ਕਾਨੂੰਨ ਬਣਾਉਣ ਲਈ ਆਮ ਲੋਕਾਂ ਤੋਂ ਈਮੇਲ, ਵਟਸਐਪ ਅਤੇ ਪੋਸਟ ਰਾਹੀਂ ਸੁਝਾਅ ਲਏ ਜਾਣਗੇ, ਜਿਸ ਦੀ ਰਣਨੀਤੀ ਅਗਲੀ ਮੀਟਿੰਗ ਵਿੱਚ ਤੈਅ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੋਵੇਗੀ ਕਿ ਕਾਨੂੰਨ ਬਣਾਉਣ ਵਿੱਚ ਪਹਿਲਾਂ ਰਹਿ ਗਈਆਂ ਕਮੀਆਂ ਨੂੰ ਦੂਰ ਕੀਤਾ ਜਾਵੇ। ਇਸ ਕਮੇਟੀ ਦੇ ਚੇਅਰਮੈਨ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਹਨ। ਕਮੇਟੀ ਵਿੱਚ ‘ਆਪ’, ਕਾਂਗਰਸ ਅਤੇ ਹੋਰ ਪਾਰਟੀਆਂ ਦੇ ਵਿਧਾਇਕ, ਸਾਬਕਾ ਮੰਤਰੀ ਅਤੇ ਸਿੱਖਿਆ ਸ਼ਾਸਤਰੀ ਸ਼ਾਮਲ ਹਨ। ਇਹ ਸਾਰੇ ਮੈਂਬਰ ਮਿਲ ਕੇ ਇਸ ਕਾਨੂੰਨ ਨੂੰ ਬਣਾਉਣ ਵਿੱਚ ਸਰਕਾਰ ਦੀ ਮਦਦ ਕਰਨਗੇ।

ਕਮੇਟੀ ਵਿੱਚ 15 ਮੈਂਬਰ ਸ਼ਾਮਲ ਹਨ। ‘ਆਪ’ ਵਿਧਾਇਕ ਅਤੇ ਸਾਬਕਾ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਇਸਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਜਦੋਂ ਕਿ ਵਿਧਾਇਕਾਂ, ਸਾਬਕਾ ਮੰਤਰੀਆਂ ਅਤੇ ਸਿੱਖਿਆ ਸ਼ਾਸਤਰੀਆਂ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਸਰਕਾਰ ਦੇ ਸਹਿਯੋਗ ਨਾਲ ਇਸ ਕੰਮ ਨੂੰ ਅੱਗੇ ਵਧਾਉਣਗੇ।

ਕਮੇਟੀ ‘ਚ ਕਾਂਗਰਸ ਦੇ 2 ਲੀਡਰ ਤ੍ਰਿਪਤ ਰਜਿੰਦਰ, ਬਲਵਿੰਦਰ ਸਿੰਘ ਧਾਲੀਵਾਲ, BJP ਦੇ ਇੱਕੋ ਲੀਡਰ ਜੰਗੀ ਲਾਲ ਮਹਾਜਨ, ਅਕਾਲੀ ਦਲ ਤੋਂ ਇੱਕੋ ਲੀਡਰ ਮਨਪ੍ਰੀਤ ਸਿੰਘ ਇਯਾਲੀ ਅਤੇ ਇਸ ਤੋਂ ਇਲਾਵਾ ਆਪ ਦੇ ਵਿਧਾਇਕ ਡਾ. ਅਜੇ ਗੁਪਤਾ, ਡਾ. ਅਮਨਦੀਪ ਕੌਰ ਅਰੋੜਾ, ਇੰਦਰਜੀਤ ਕੌਰ ਮਾਨ, ਜਗਦੀਸ਼ ਕੰਬੋਜ,  ਨੀਨਾ ਮਿੱਤਲ, ਪ੍ਰੋ. ਬਲਜਿੰਦਰ ਕੌਰ, ਪ੍ਰਿੰਸੀਪਲ ਬੁੱਧ ਰਾਮ, ਬ੍ਰਹਮ ਸ਼ੰਕਰ ਜਿੰਪਾ, ਮਦਨਲਾਲ ਬੱਗਾ ਅਤੇ ਮੁਹੰਮਦ ਜਮੀਲ ਉਰ ਰਹਿਮਾਨ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ।