Punjab

ਗੁਰਦਾਸਪੁਰ ‘ਚ ਪਾਕਿ ਸਰਹੱਦ ‘ਤੇ ਫਾਇਰਿੰਗ, ਚੌਤਰਾ ਚੌਕੀ ‘ਤੇ ਦੇਖਿਆ ਪਾਕਿਸਤਾਨੀ ਡਰੋਨ

ਗੁਰਦਾਸਪੁਰ : ਹਰ ਰੋਜ਼ ਪਾਕਿਸਤਾਨ ਵੱਲੋਂ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਡਰੋਨ ਰਾਹੀਂ ਨਸ਼ਿਆਂ ਦੀ ਖੇਪ ਭੇਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸ ਨੂੰ ਸਰਹੱਦ ’ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ।

ਅੱਜ ਸਵੇਰੇ ਬੀਐਸਐਫ ਸੈਕਟਰ ਗੁਰਦਾਸਪੁਰ ਦੀ ਚੌਤਰਾ ਚੌਕੀ ’ਤੇ ਪਾਕਿਸਤਾਨ ਵਾਲੇ ਪਾਸੇ ਤੋਂ ਇੱਕ ਵਾਰ ਫਿਰ ਪਾਕਿਸਤਾਨੀ ਡਰੋਨ ਦੇਖਿਆ ਗਿਆ। ਜਿਸ ‘ਤੇ ਬੀ.ਐਸ.ਐਫ ਦੀ 58 ਬਟਾਲੀਅਨ ਦੇ ਜਵਾਨਾਂ ਨੇ 5 ਰਾਊਂਡ ਫਾਇਰ ਕੀਤੇ ਅਤੇ ਇਕ ਹਲਕਾ ਬੰਬ ਵੀ ਚਲਾਇਆ। ਦੋ ਮਿੰਟ ਤੱਕ ਭਾਰਤੀ ਸਰਹੱਦ ਦੇ ਅੰਦਰ ਘੁੰਮਣ ਤੋਂ ਬਾਅਦ ਪਾਕਿਸਤਾਨੀ ਡਰੋਨ ਵਾਪਸ ਪਾਕਿਸਤਾਨ ਵੱਲ ਪਰਤਿਆ।

ਐਤਵਾਰ ਨੂੰ 500 ਗ੍ਰਾਮ ਹੈਰੋਇਨ ਫੜੀ ਗਈ

ਇਸ ਘਟਨਾ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਆਸਪਾਸ ਦੇ ਇਲਾਕੇ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।

ਦੱਸ ਦੇਈਏ ਕਿ ਬੀਤੀ ਦੇਰ ਰਾਤ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਭਗਤਾਣਾ ਤੁਲੀਆ ਦੇ ਖੇਤਾਂ ‘ਚੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ, ਜੋ ਪਾਕਿਸਤਾਨੀ ਨਸ਼ਾ ਤਸਕਰਾਂ ਵੱਲੋਂ ਡਰੋਨ ਰਾਹੀਂ ਭਾਰਤ ਭੇਜੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।