ਬਟਾਲਾ : ਜ਼ਿਲ੍ਹਾ ਬਟਾਲਾ ਵਿੱਚ ਅਪਰਾਧੀ ਅਨਸਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਦਹਿਸ਼ਤ ਫੈਲਾਉਣ ਲਈ ਗੋਲੀਬਾਰੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਅਜਿਹੀ ਹੀ ਇੱਕ ਘਟਨਾ ਬੀਤੀ ਦੇਰ ਰਾਤ ਸਿਟੀ ਥਾਣਾ ਬਟਾਲਾ ਤੋਂ ਕੁਝ ਹੀ ਦੂਰੀ ਤੇ ਨਹਿਰੂ ਗੇਟ ਇਲਾਕੇ ਵਿੱਚ ਸਾਹਮਣੇ ਆਈ ਹੈ।
ਇਲਾਕੇ ਵਿੱਚ ਦੋ ਅਣਪਛਾਤੇ ਨੌਜਵਾਨਾਂ ਵਲੋਂ ਅਚਾਨਕ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ।ਤਿੰਨ ਤੋਂ ਚਾਰ ਰੋਂਦ ਫਾਇਰ ਹੋਏ ਦੱਸੇ ਜਾ ਰਹੇ ਹਨ। ਫਾਇਰਿੰਗ ਤੋਂ ਡਰਦਿਆਂ ਸਕੂਟੀ ਸਵਾਰ ਇੱਕ ਹੋਰ ਨੌਜਵਾਨ ਆਪਣੀ ਸਕੂਟੀ ਸੜਕ ਤੇ ਹੀ ਛੱਡ ਕੇ ਦੌੜ ਗਿਆ ਅਤੇ ਫਾਇਰਿੰਗ ਕਰਨ ਵਾਲੇ ਨੌਜਵਾਨ ਉਹੀ ਮੋਪਡ ਸਕੂਟੀ ਲੈਕੇ ਮੌਕੇ ਤੋਂ ਫਰਾਰ ਹੋ ਗਏ ਹਾਲਾਂਕਿ ਫਾਇਰਿੰਗ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਧਰ ਮੌਕੇ ਤੇ ਪਹੁੰਚੀ ਪੁਲਸ ਨੇ ਦੋ ਖਾਲੀ ਖੋਲ ਬਰਾਮਦ ਕਰ ਲਏ ਹਨ ਅਤੇ ਮਾਮਲੇ ਦੀ ਐਫ ਆਈ ਆਰ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਹਿਸ਼ਤ ਫੈਲਾਉਣ ਵਾਲੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ ਜਿਸ ਵਿੱਚ ਸਿਰ ਤੇ ਕੱਪੜਾ ਬੰਨ ਨੇ ਇੱਕ ਨੌਜਵਾਨ ਪਿਸਤੌਲ ਦਾ ਮੂੰਹ ਸੜਕ ਵੱਲ ਨੂੰ ਕਰਕੇ ਫ਼ਾਇਰਿੰਗ ਕਰਦਾ ਨਜ਼ਰ ਆ ਰਿਹਾ ਹੈ ਜਦ ਕਿ ਫਾਇਰਿੰਗ ਤੋਂ ਬਾਅਦ ਦਹਿਸ਼ਤ ਵਿਚ ਮੌਕੇ ਤੋਂ ਦੌੜਦੇ ਲੋਕ ਵੀ ਸੀ ਸੀ ਟੀ ਵੀ ਕੈਮਰੇ ਵਿੱਚ ਨਜ਼ਰ ਆ ਰਹੇ ਹਨ। ਫਿਲਹਾਲ ਇਹ ਖੁਲਾਸਾ ਕੋਈ ਚਸ਼ਮਦੀਦ ਜਾਂ ਪੁਲਿਸ ਨਹੀਂ ਕਰ ਸਕੀ ਹੈ ਕਿ ਨੌਜਵਾਨਾਂ ਵੱਲੋਂ ਇਹ ਫਾਇਰਿੰਗ ਹੁੱਲੜਬਾਜੀ ਵਿੱਚ ਮਹਿਜ਼ ਦਹਿਸ਼ਤ ਫੈਲਾਉਣ ਲਈ ਕੀਤੀ ਗਈ ਸੀ ਜਾਂ ਕਿ ਸਕੂਟੀ ਛੱਡ ਕੇ ਦੌੜੇ ਨੌਜਵਾਨ ਨੂੰ ਧਮਕਾਉਣ ਲਈ।
ਦੇਰ ਰਾਤ ਵਾਪਰੀ ਇਸ ਘਟਨਾ ਨੂੰ ਲੈਕੇ ਇਲਾਕੇ ਵਿੱਚ ਮਾਹੌਲ ਦਹਿਸ਼ਤ ਭਰਿਆ ਬਣਿਆ ਰਿਹਾ। ਘਟਨਾ ਦੇ ਚਸ਼ਮਦੀਦ ਵਿਜੈ ਕੁਮਾਰ ਨੇ ਦੱਸਿਆ ਕਿ ਉਹ ਬਜ਼ਾਰ ਵਿੱਚ ਖੜੇ ਸਨ, ਇੰਨੀ ਦੇਰ ਨੂੰ ਦੋ ਨੌਜਵਾਨ ਆਏ ਜਿਨ੍ਹਾਂ ਨੇ ਆਪਣੇ ਮੂੰਹ ਕਪੜੇ ਨਾਲ ਢੱਕੇ ਹੋਏ ਸੀ ਅਤੇ ਓਹਨਾ ਨੌਜਵਾਨਾਂ ਵਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ । ਫਾਇਰਿੰਗ ਕਰਨ ਤੋਂ ਬਾਅਦ ਇਹ ਨੌਜਵਾਨ ਇਕ ਮੋਪਡ ਸਕੂਟੀ ਨੂੰ ਲੈਕੇ ਫਰਾਰ ਹੋ ਗਏ ,ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਹੌਲ ਜਰੂਰ ਦਹਿਸ਼ਤ ਭਰਿਆ ਹੋ ਗਿਆ।
ਬਟਾਲਾ ਪੁਲਿਸ ਦੇ ਸਿਟੀ ਡੀ ਐਸ ਪੀ ਲਲਿਤ ਕੁਮਾਰ ਨੇ ਦੱਸਿਆ ਕਿ ਬਜ਼ਾਰ ਵਿੱਚ ਹਵਾਈ ਫਾਇਰਿੰਗ ਹੋਣ ਦੀ ਇਤਲਾਹ ਮਿਲੀ।ਦੋ ਖਾਲੀ ਖੋਲ ਬਰਾਮਦ ਕੀਤੇ ਗਏ ਹਨ ।ਸੀ ਸੀ ਟੀ ਵੀ ਖੰਗਾਲੇ ਜਾ ਰਹੇ ਹਨ ਫਇਰਿੰਗ ਕਰਨ ਵਾਲੇ ਫਰਾਰ ਨੌਜਵਾਨਾਂ ਨੂੰ ਜਲਦ ਕਾਬੂ ਕੀਤਾ ਜਾਵੇਗਾ। ਫਿਲਹਾਲ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।