Punjab

ਖੰਨਾ ’ਚ ਗਹਿਣਿਆਂ ਦੇ ਸ਼ੋਅਰੂਮ ‘ਤੇ ਹਮਲਾ! 5 ਸਕਿੰਟਾਂ ਕੀਤੇ ਕਈ ਫਾਇਰ

ਲੁਧਿਆਣਾ ਦੇ ਖੰਨਾ ਵਿੱਚ ਬੀਤੀ ਰਾਤ (12 ਜੂਨ) ਨੂੰ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਗਹਿਣਿਆਂ ਦੇ ਇਕ ਸ਼ੋਅਰੂਮ ’ਤੇ ਗੋਲੀਬਾਰੀ ਕੀਤੀ। 5 ਸਕਿੰਟਾਂ ਦੇ ਅੰਦਰ ਹੀ ਨੌਜਵਾਨ ਨੇ ਕਈ ਰਾਉਂਡ ਫਾਇਰ ਕੀਤੇ। ਇਸ ਤੋਂ ਬਾਅਦ ਉਹ ਉੱਥੋਂ ਫਰਾਰ ਹੋ ਗਏ। ਜਵੈਲਰ ਇਸ ਘਟਨਾ ‘ਚ ਮਸਾਂ-ਮਸਾਂ ਬਚਿਆ। ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਬਦਮਾਸ਼ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਹਨ। ਘਟਨਾ ਸਥਾਨ ਤੋਂ ਕਰੀਬ 400 ਮੀਟਰ ਦੀ ਦੂਰੀ ’ਤੇ ਹੀ ਪੁਲਿਸ ਚੌਕੀ ਹੈ, ਜਦਕਿ 50 ਮੀਟਰ ਦੀ ਦੂਰੀ ’ਤੇ ਜੱਜਾਂ ਦਾ ਰਿਹਾਇਸ਼ੀ ਇਲਾਕਾ ਹੈ।

ਗੋਲੀਆਂ ਸ਼ੀਸ਼ੇ ਵਿੱਚ ਵੱਜੀਆਂ, 2 ਗੋਲ਼ੀਆਂ ਸ਼ੀਸ਼ਾ ਪਾਰ ਕੀਤੀਆਂ

ਪੁਲਿਸ ਦੀ ਮੁੱਢਲੀ ਜਾਂਚ ਮੁਤਾਬਕ ਬੁੱਧਵਾਰ ਰਾਤ ਕਰੀਬ 8.09 ਵਜੇ ਦੋ ਨੌਜਵਾਨ ਮੋਟਰਸਾਈਕਲ ‘ਤੇ ਆਏ ਤੇ ਉਨ੍ਹਾਂ ਰੇਲਵੇ ਰੋਡ ਦੋਰਾਹਾ ’ਤੇ ਪਰਮਜੀਤ ਜਵੈਲਰਜ਼ ’ਤੇ ਹਮਲਾ ਕੀਤਾ। ਉਨ੍ਹਾਂ ਨੇ ਆਪਣੇ ਮੂੰਹ ਰੁਮਾਲਾਂ ਨਾਲ ਢੱਕੇ ਹੋਏ ਸਨ। ਇੱਕ ਨੌਜਵਾਨ ਮੋਟਰਸਾਈਕਲ ‘ਤੇ ਬੈਠਾ ਰਿਹਾ, ਜਦਕਿ ਦੂਜਾ ਨੌਜਵਾਨ ਹੇਠਾਂ ਉਤਰ ਕੇ ਸ਼ੋਅਰੂਮ ਦੇ ਸਾਹਮਣੇ ਆ ਗਿਆ। ਉਸ ਨੇ ਦੋ ਪਿਸਤੌਲ ਕੱਢ ਕੇ ਸ਼ੋਅਰੂਮ ਵੱਲ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਗੋਲ਼ੀਆਂ ਦੀ ਆਵਾਜ਼ ਸੁਣ ਕੇ ਬਾਜ਼ਾਰ ‘ਚ ਮੌਜੂਦ ਸਾਰੇ ਲੋਕ ਡਰ ਗਏ। ਸ਼ੋਅਰੂਮ ਦੇ ਅੰਦਰ ਬੈਠੇ ਲੋਕਾਂ ਨੇ ਹੇਠਾਂ ਉਤਰ ਕੇ ਆਪਣੀ ਜਾਨ ਬਚਾਉਣੀ ਸ਼ੁਰੂ ਕਰ ਦਿੱਤੀ। ਗੋਲੀਆਂ ਲੱਗਣ ਕਾਰਨ ਸ਼ੋਅਰੂਮ ਦੇ ਸ਼ੀਸ਼ੇ ਟੁੱਟ ਗਏ। ਹਾਲਾਂਕਿ ਅੰਦਰ ਸਿਰਫ਼ 2 ਗੋਲੀਆਂ ਗਈਆਂ। ਅੰਦਰ ਬੈਠੇ ਜੌਹਰੀ ਮਨਪ੍ਰੀਤ ਸਿੰਘ ਮਨੀ ਦੀ ਜਾਨ ਬਚ ਗਈ। ਇਸ ਤੋਂ ਬਾਅਦ ਹਮਲਾਵਰ ਨੌਜਵਾਨ ਉਥੋਂ ਫ਼ਰਾਰ ਹੋ ਗਏ।

ਇਸ ਤੋਂ ਬਾਅਦ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ। ਪੁਲਿਸ ਨੇ ਮੌਕੇ ਤੋਂ ਲੋੜੀਂਦੇ ਸਬੂਤ ਇਕੱਠੇ ਕਰ ਲਏ ਹਨ। ਪਾਇਲ ਦੇ ਡੀਐਸਪੀ ਨਿਖਿਲ ਗਰਗ ਨੇ ਦੱਸਿਆ ਕਿ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਸੀਸੀਟੀਵੀ ਫੁਟੇਜ ਰਾਹੀਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਅਸੀਂ ਇਸ ਘਟਨਾ ਨੂੰ ਦੋ ਸਾਲ ਪਹਿਲਾਂ ਹੋਈ ਗੋਲੀਬਾਰੀ ਨਾਲ ਜੋੜ ਕੇ ਜਾਂਚ ਕਰ ਰਹੇ ਹਾਂ।

2 ਸਾਲ ਪਹਿਲਾਂ ਪਿਤਾ ‘ਤੇ ਹੋਇਆ ਸੀ ਹਮਲਾ

ਸ਼ੋਅਰੂਮ ਦੇ ਮਾਲਕ ਮਨਪ੍ਰੀਤ ਸਿੰਘ ਮਨੀ ਅਨੁਸਾਰ ਕਰੀਬ ਦੋ ਸਾਲ ਪਹਿਲਾਂ ਉਸ ਦੇ ਪਿਤਾ ‘ਤੇ ਵੀ ਇਸੇ ਤਰ੍ਹਾਂ ਗੋਲ਼ੀ ਚਲਾਈ ਗਈ ਸੀ। ਉਸ ਸਮੇਂ ਉਨ੍ਹਾਂ ਦੀ ਵੀ ਜਾਨ ਬਚ ਗਈ। ਹਾਲਾਂਕਿ ਹਮਲਾਵਰਾਂ ਨੂੰ ਬਾਅਦ ਵਿੱਚ ਕਾਬੂ ਕਰ ਲਿਆ ਗਿਆ ਸੀ ਪਰ ਪੁਲਿਸ ਅਤੇ ਜੌਹਰੀ ਨੇ ਕੋਈ ਰੰਜਿਸ਼ ਪ੍ਰਗਟ ਨਹੀਂ ਕੀਤੀ।