Punjab

ਫਰੀਦਕੋਟ ‘ਚ 66KV ਪਾਵਰ ਗਰਿੱਡ ‘ਚ ਹੋਇਆ ਇਹ ਕੁਝ, ਕੰਮ ਕਰ ਰਹੇ 3 ਇਲੈਕਟ੍ਰੀਸ਼ੀਅਨ ਨੂੰ ਜਾਣਾ ਪਿਆ ਹਸਪਤਾਲ…

Fire broke out in 66KV power grid in Faridkot, 3 working electricians injured

ਫਰੀਦਕੋਟ :  ਪੰਜਾਬ ਦੇ ਫਰੀਦਕੋਟ ਜ਼ਿਲੇ ਦੇ ਕਸਬਾ ਗੋਲੇਵਾਲਾ ‘ਚ 66 ਕੇਵੀ ਪਾਵਰ ਗਰਿੱਡ ‘ਚ ਦੁਪਹਿਰ ਸਮੇਂ ਅਚਾਨਕ ਟਰਾਂਸਫਾਰਮਰ ‘ਚ ਧਮਾਕਾ ਹੋਣ ਨਾਲ ਭਿਆਨਕ ਅੱਗ ਲੱਗ ਗਈ। ਇਸ ਦੀ ਲਪੇਟ ‘ਚ ਆਉਣ ਕਾਰਨ ਉਥੇ ਬਿਜਲੀ ਦੇ ਸਾਮਾਨ ਦੀ ਮੁਰੰਮਤ ਕਰ ਰਹੇ ਤਿੰਨ ਬਿਜਲੀ ਕਰਮਚਾਰੀ ਜਸਮੇਲ ਸਿੰਘ, ਗੋਲਡੀ ਅਤੇ ਬਲਦੇਵ ਸਿੰਘ ਝੁਲਸ ਗਏ। ਜਿਸ ਵਿੱਚ ਜਸਮੇਲ ਸਿੰਘ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਸ਼ਨੀਵਾਰ ਸਵੇਰ ਤੋਂ ਪਏ ਭਾਰੀ ਮੀਂਹ ਨੇ ਗਰਿੱਡ ਦੇ ਬਿਜਲੀ ਉਪਕਰਨਾਂ ਵਿੱਚ ਪਾਣੀ ਭਰ ਗਿਆ। ਜਿਸ ਨੂੰ ਬਚਾਉਣ ਲਈ ਤਿੰਨੇ ਇਲੈਕਟ੍ਰੀਸ਼ਨ ਉਥੇ ਕੰਮ ਕਰ ਰਹੇ ਸਨ। ਪਰ ਕੁਝ ਹੀ ਸਮੇਂ ਵਿੱਚ ਧਮਾਕੇ ਦੇ ਨਾਲ-ਨਾਲ ਅੱਗ ਲੱਗ ਗਈ। ਅੱਗ ਲੱਗਣ ਦੇ 2 ਘੰਟੇ ਬਾਅਦ ਵੀ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਅੱਗ ਲੱਗਣ ਦੀ ਘਟਨਾ ਤੋਂ ਬਾਅਦ ਬਿਜਲੀ ਗਰਿੱਡ ਤੋਂ ਬਿਜਲੀ ਸਪਲਾਈ ਠੱਪ ਹੋ ਗਈ।

ਅੱਗ ਲੱਗਣ ਦੀ ਘਟਨਾ ਤੋਂ ਪੌਣੇ ਘੰਟੇ ਬਾਅਦ ਫਰੀਦਕੋਟ ਸ਼ਹਿਰ ਤੋਂ ਗੋਲੇਵਾਲਾ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ, ਜੋ ਦੋ ਘੰਟੇ ਬਾਅਦ ਵੀ ਅੱਗ ’ਤੇ ਕਾਬੂ ਨਹੀਂ ਪਾ ਸਕੀ। ਅੱਗਜ਼ਨੀ ਦੀ ਇਸ ਘਟਨਾ ਵਿੱਚ ਲੱਖਾਂ ਰੁਪਏ ਦਾ ਬਿਜਲੀ ਦਾ ਸਾਮਾਨ ਸੜ ਕੇ ਸਵਾਹ ਹੋ ਗਿਆ। ਸਥਾਨਕ ਲੋਕਾਂ ਅਨੁਸਾਰ ਆਰ.ਟੀ.ਆਈ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਗਰਿੱਡ ਦੀ ਸਮਾਂ ਸੀਮਾ 2003 ਵਿੱਚ ਹੀ ਖਤਮ ਹੋ ਗਈ ਸੀ। ਲੋਕਾਂ ਦੇ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਗਰਿੱਡ ਨੂੰ ਅਪਗ੍ਰੇਡ ਨਹੀਂ ਕੀਤਾ ਗਿਆ।

ਜਿਸ ਦਾ ਨਤੀਜਾ ਅੱਜ ਭਿਆਨਕ ਅੱਗ ਦੇ ਰੂਪ ਵਿੱਚ ਸਾਹਮਣੇ ਆਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਸ, ਬਿਜਲੀ ਵਿਭਾਗ ਦੇ ਅਧਿਕਾਰੀ ਅਤੇ ਸਥਾਨਕ ਵਿਧਾਇਕ ਵੀ ਮੌਕੇ ‘ਤੇ ਪਹੁੰਚ ਗਏ। ਇਹ ਬਿਜਲੀ ਦੇ ਯੰਤਰ ਪਿਛਲੇ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਗਰਮੀ ਦੌਰਾਨ ਵੀ ਆਮ ਵਾਂਗ ਕੰਮ ਕਰਦੇ ਰਹੇ ਪਰ ਜਦੋਂ ਮੀਂਹ ਪੈਣ ‘ਤੇ ਬਿਜਲੀ ਦੀ ਮੰਗ ਘਟ ਗਈ ਤਾਂ ਇਹ ਅੱਗ ਕਿਵੇਂ ਲੱਗੀ, ਇਹ ਕਿਸੇ ਨੂੰ ਸਮਝ ਨਹੀਂ ਆ ਰਿਹਾ।

ਮੰਨਿਆ ਜਾ ਰਿਹਾ ਹੈ ਕਿ ਇਹ ਹਾਦਸਾ ਬਿਜਲੀ ਦੇ ਉਪਕਰਨਾਂ ‘ਚ ਪਾਣੀ ਭਰ ਜਾਣ ਕਾਰਨ ਵਾਪਰਿਆ ਹੈ। ਇਸ ਸਮੇਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਗਰਿੱਡ ਤੋਂ ਰੁਕੀ ਹੋਈ ਬਿਜਲੀ ਸਪਲਾਈ ਨੂੰ ਬਹਾਲ ਕਰਨਾ ਵੱਡੀ ਚੁਣੌਤੀ ਹੈ।