India

ਹੁਣ ਹਰਿਆਣਾ ਦੇ ਸਰਕਾਰੀ ਹਸਪਤਾਲ ’ਚ ਲੱਗੀ ਅੱਗ! ਮਸਾਂ ਬਚਿਆ ਨਵਜੰਮੇ ਬੱਚਿਆਂ ਦਾ NICU ਵਾਰਡ

ਬਿਉਰੋ ਰਿਪੋਰਟ: ਗੁਆਂਢੀ ਸੂਬੇ ਹਰਿਆਣਾ ਦੇ ਰੇਵਾੜੀ ਸ਼ਹਿਰ ਦੇ ਸਿਵਲ ਹਸਪਤਾਲ ’ਚ ਅੱਜ ਬੁੱਧਵਾਰ ਨੂੰ ਅੱਗ ਲੱਗ ਗਈ। ਇਹ ਅੱਗ ਹਸਪਤਾਲ ਦੇ ਗਾਇਨੀਕੋਲੋਜੀ ਵਿਭਾਗ ਵਿੱਚ ਲੱਗੀ। ਦੱਸਿਆ ਜਾ ਰਿਹਾ ਹੈ ਕਿ ਵਾਰਡ ’ਚ ਬਿਜਲੀ ਦੀ ਪੁਰਾਣੀ ਤਾਰਾਂ ਕਾਰਨ ਸ਼ਾਰਟ ਸਰਕਟ ਹੋ ਗਿਆ ਅਤੇ ਅੱਗ ਲੱਗ ਗਈ।

ਇਸ ਕਾਰਨ ਪੂਰੇ ਵਿਭਾਗ ਸਮੇਤ ਹਸਪਤਾਲ ਦੀਆਂ ਗਲ਼ੀਆਂ ਵਿੱਚ ਧੂੰਏਂ ਨਾਲ ਭਰ ਗਈਆਂ। ਹਸਪਤਾਲ ਵਿੱਚ ਮੌਜੂਦ ਸਿਹਤ ਕਰਮਚਾਰੀਆਂ ਅਤੇ ਮਰੀਜ਼ਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਧੂੰਆਂ ਦੇਖ ਕੇ ਸਾਰੇ ਹਸਪਤਾਲ ਤੋਂ ਬਾਹਰ ਭੱਜਣ ਲੱਗੇ। ਹਾਲਾਂਕਿ ਇਸ ਅੱਗ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ’ਤੇ ਸੀਐਮਓ ਨੇ ਕਿਹਾ ਹੈ ਕਿ ਹਸਪਤਾਲ ਵੱਡਾ ਹੈ। ਵਾਇਰਿੰਗ ਵੀ ਪੁਰਾਣੀ ਹੈ, ਜਿਸ ਕਰਕੇ ਅਜਿਹੀਆਂ ਛੋਟੀਆਂ-ਮੋਟੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ।

ਗਾਰਡ ਨੇ ਦਿੱਤੀ ਅੱਗ ਲੱਗਣ ਦੀ ਜਾਣਕਾਰੀ

ਮੌਕੇ ’ਤੇ ਮੌਜੂਦ ਗਾਇਨੀਕੋਲੋਜੀ ਵਿਭਾਗ ਦੇ ਗਾਰਡ ਨੇ ਦੱਸਿਆ ਕਿ ਸਵੇਰੇ 10 ਵਜੇ ਦੇ ਕਰੀਬ ਗਾਇਨੀਕੋਲੋਜੀ ਵਿਭਾਗ ਤੋਂ ਅਚਾਨਕ ਧੂੰਆਂ ਨਿਕਲਦਾ ਦੇਖਿਆ ਗਿਆ। ਇਸ ਤੋਂ ਬਾਅਦ ਜਦੋਂ ਉਹ ਪਿੱਛੇ ਨੂੰ ਗਿਆ ਤਾਂ ਇੱਕ ਤਾਰ ਨੂੰ ਅੱਗ ਲੱਗੀ ਹੋਈ ਸੀ। ਇਹ ਦੇਖ ਕੇ ਉਸ ਨੇ ਹੋਰ ਕਰਮਚਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ।

ਤੁਰੰਤ ਹਸਪਤਾਲ ਵਿੱਚ ਲੱਗੇ ਫਾਇਰ ਸੇਫਟੀ ਸਿਲੰਡਰ ਨੂੰ ਉਤਾਰ ਕੇ ਮੌਕੇ ’ਤੇ ਪਹੁੰਚਾਇਆ ਗਿਆ ਅਤੇ ਅੱਗ ’ਤੇ ਕਾਬੂ ਪਾਇਆ ਗਿਆ। ਉਸ ਸਮੇਂ ਸਟਾਫ਼ ਤੋਂ ਇਲਾਵਾ ਇੱਕ ਔਰਤ ਇਲਾਜ ਲਈ ਆਈ ਹੋਈ ਸੀ ਅਤੇ ਹੋਰ ਕੋਈ ਨਹੀਂ ਸੀ। ਫਾਇਰ ਸੇਫਟੀ ਸਿਲੰਡਰ ਭਰੇ ਹੋਏ ਸਨ, ਜਿਸ ਕਾਰਨ ਫਾਇਰ ਵਿਭਾਗ ਨੂੰ ਵੀ ਸੂਚਿਤ ਨਹੀਂ ਕੀਤਾ ਗਿਆ।

NICU ਵਾਰਡ ਤੋਂ ਸਿਰਫ਼ 20 ਮੀਟਰ ਦੂਰ

ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਵੱਧ ਧੂੰਆਂ ਗਾਇਨੀਕੋਲੋਜਿਸਟ ਦੇ ਕਮਰੇ ਨੇੜੇ ਇਕੱਠਾ ਹੋਇਆ ਸੀ। ਇੱਥੋਂ ਕਰੀਬ 20 ਮੀਟਰ ਦੀ ਦੂਰੀ ’ਤੇ ਨਿੱਕੂ ਵਾਰਡ ਹੈ, ਜਿੱਥੇ ਜਨਮ ਤੋਂ ਬਾਅਦ ਬੱਚਿਆਂ ਨੂੰ ਰੱਖਿਆ ਜਾਂਦਾ ਹੈ। ਧੂੰਆਂ ਉੱਥੇ ਵੀ ਪਹੁੰਚ ਗਿਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।