ਬਿਉਰੋ ਰਿਪੋਰਟ: ਲੁਧਿਆਣਾ ਦੇ ਟਿੱਬਾ ਰੋਡ ਪੁਨੀਤ ਨਗਰ ਵਿੱਚ ਧਾਗਾ ਫੈਕਟਰੀ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ ਹੈ। ਅੱਗ ਲੱਗਣ ਨਾਲ ਅਫ਼ਰਾ-ਤਫ਼ਰੀ ਮੱਚ ਗਈ ਹੈ। ਫੈਕਟਰੀ ਵਿੱਚ ਕੰਮ ਕਰਨ ਵਾਲੇ ਲੋਕਾਂ ਨੇ ਛਾਲ ਮਾਰ ਕੇ ਜਾਨ ਬਚਾਈ ਹੈ।
ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਆਲੇ-ਦੁਆਲੇ ਦੇ ਲੋਕ ਵੀ ਘਰ ਛੱਡ ਕੇ ਬਾਹਰ ਨਿਕਲ ਆਏ। ਅੱਗ ਦੀਆਂ ਲਪਟਾਂ ਵੇਖ ਕੇ ਲੋਕਾਂ ਨੇ ਫਾਇਰ ਬ੍ਰਿਗੇਡ ਬੁਲਾਇਆ। ਇਸ ਗੋਦਾਮ ਦੇ ਆਲੇ ਦੁਆਲੇ ਕਈ ਮਕਾਨ ਬਣੇ ਹੋਏ ਹਨ। ਉਸ ਤੋਂ ਪਹਿਲਾਂ ਲੋਕਾਂ ਨੇ ਆਪਣੇ ਘਰ ਤੋਂ ਪਾਣੀ ਲਿਆ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
ਤੰਗ ਗਲੀਆਂ ਹੋਣ ਦੀ ਵਜ੍ਹਾ ਕਰਕੇ ਫਾਇਰ ਬ੍ਰਿਗੇਡ ਅੰਦਰ ਨਹੀਂ ਆ ਪਾ ਰਹੀ ਸੀ। ਪਾਣੀ ਦੀਆਂ ਪਾਈਪਾਂ ਘਟਨਾ ਵਾਲੀ ਥਾਂ ‘ਤੇ ਪਹੁੰਚਾਉਣ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅੱਗ ਦੀ ਵਜ੍ਹਾ ਕਰਕੇ ਗੋਦਾਮ ਵਿੱਚ ਰੱਖਿਆ ਸਾਰਾ ਸਮਾਨ ਸੜ ਕੇ ਤਬਾਅ ਹੋ ਗਿਆ। ਕਰੋੜਾਂ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਅੱਗ ਲੱਗਣ ਦਾ ਕਾਰਨ ਹੁਣ ਤੱਕ ਸਾਫ ਨਹੀਂ ਹੋ ਸਕਿਆ ਹੈ। ਪਰ ਸ਼ੁਰੂਆਤੀ ਜਾਣਕਾਰੀ ਮੁਤਾਬਕ ਸ਼ਾਟ ਸਰਕਟ ਅੱਜ ਲੱਗਣ ਦੀ ਵਜ੍ਹਾ ਹੋ ਸਕਦੀ ਹੈ ਕਿਉਂਕਿ ਗਰਮੀਆਂ ਦੇ ਮੌਸਮ ਵਿੱਚ ਅਕਸਰ ਇਸੇ ਵਜ੍ਹਾ ਕਰਕੇ ਲੁਧਿਆਣਾ ਦੀ ਸਨਅਤਾਂ ਵਿੱਚ ਹਾਦਸੇ ਹੁੰਦੇ ਹਨ।