ਵੀਆਈਪੀ ਸਿਟੀ ਮੁਹਾਲੀ ਵਿੱਚ ਅੱਜ ਇੱਕ ਨਿੱਜੀ ਬੈਂਕ ਤੇ ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿੱਚ ਅਚਾਨਕ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋ ਗਿਆ। ਫਾਇਰ ਬ੍ਰਿਗੇਡ ਵਿਭਾਗ ਨੇ ਚਾਰ ਗੱਡੀਆਂ ਦੀ ਮਦਦ ਨਾਲ ਤਿੰਨ ਘੰਟਿਆਂ ਵਿੱਚ ਅੱਗ ’ਤੇ ਕਾਬੂ ਪਾਇਆ। ਗਨੀਮਤ ਰਹੀ ਕਿ ਐਤਵਾਰ ਛੁੱਟੀ ਹੋਣ ਕਾਰਨ ਇਮਾਰਤ ਵਿੱਚ ਸਟਾਫ਼ ਮੌਜੂਦ ਨਹੀਂ ਸੀ। ਇਸ ਕਰਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਮੰਡਲ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ ਮਾਲੀ ਨੁਕਸਾਨ ਬਹੁਤ ਹੋਇਆ ਹੈ। ਬੈਂਕ ਤੇ ਰੀਅਲ ਅਸਟੇਟ ਕਾਰੋਬਾਰੀ ਦਾ ਦਫ਼ਤਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ।
ਦਫ਼ਤਰ ’ਚ ਅੱਗ ਲੱਗਣ ਤੋਂ ਬਾਅਦ ਚਾਰੇ ਪਾਸੇ ਧੂੰਆਂ ਫੈਲ ਗਿਆ। ਜਿਸ ਨਾਲ ਪੂਰੇ ਬਾਜ਼ਾਰ ਵਿੱਚ ਹਫੜਾ-ਦਫੜੀ ਮੱਚ ਗਈ। ਧੂੰਏਂ ਦੇ ਗੁਬਾਰ ਦੂਰ-ਦੂਰ ਤੱਕ ਦੇਖੇ ਜਾ ਸਕਦੇ ਸਨ। ਇਸ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਬੁਲਾਇਆ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।
ਪਰ ਫਾਇਰ ਬ੍ਰਿਗੇਡ ਦੀ ਟੀਮ ਅਜੇ ਵੀ ਮੌਕੇ ’ਤੇ ਮੌਜੂਦ ਹੈ। ਸ਼ੋਅਰੂਮ ਦਾ ਤਾਪਮਾਨ ਹੇਠਾਂ ਆਉਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਸ਼ੋਅਰੂਮ ਦਾ ਨਿਰੀਖਣ ਕਰੇਗੀ। ਇਸ ਤੋਂ ਬਾਅਦ ਹੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।