‘ਦ ਖ਼ਾਲਸ ਟੀਵੀ ਬਿਊਰੋ (ਬਨਵੈਤ/ਜਗਜੀਵਨ ਮੀਤ):- ਸਿੰਘੂ ਬਾਰਡਰ ਕਤਲ ਮਾਮਲੇ ਵਿੱਚ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਧਾਰਾ 302 ਅਤੇ 34 ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਦਰਜ ਐੱਫਆਈਆਰ ਦੇ ਅਨੁਸਾਰ ਤੜਕੇ ਪੰਜ ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਿਸਾਨ ਅੰਦੋਲਨ ਨੇੜੇ ਇਕ ਲੋਹੇ ਦੇ ਬੈਰੀਗੇਟ ਨਾਲ ਇਕ ਲਾਸ਼ ਲਟਕਦੀ ਮਿਲੀ ਹੈ ਜਿਸਦਾ ਇਕ ਹੱਥ ਤੇ ਪੈਰ ਕੱਟਿਆ ਗਿਆ ਸੀ। ਮੌਕੇ ਉੱਤੇ ਏਐੱਸਆਈ ਮਨ ਦੇ ਨਾਲ ਪਹੁੰਚੀ ਪੁਲਿਸ ਦੀ ਟੀਮ ਨੇ ਘਟਨਾ ਸਥਾਨ ਦਾ ਜਾਇਜਾ ਲਿਆ। ਐੱਫਆਈਆਰ ਮੁਤਾਬਿਕ ਲਾਸ਼ ਦੁਆਲੇ ਨਿਹੰਗ ਸਿੰਘਾਂ ਤੇ ਹੋਰ ਲੋਕਾਂ ਦੀ ਭੀੜ ਖੜ੍ਹੀ ਸੀ। ਪਰ ਪੁਲਿਸ ਨਾ ਤਾਂ ਮ੍ਰਿਤਕ ਦੀ ਤੇ ਨਾ ਹੀ ਘਟਨਾ ਦੇ ਦੋਸ਼ੀਆਂ ਦੀ ਪਛਾਣ ਕਰ ਸਕੀ ਹੈ। ਇਹ ਵੀ ਲਿਖਿਆ ਗਿਆ ਹੈ ਕਿ ਮੌਕੇ ਉਤੇ ਮੌਜੂਦ ਲੋਕਾਂ ਵੱਲੋਂ ਪੁਲਿਸ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਗਿਆ।


