‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਉੱਤੇ ਧਰਨਾ ਦੇਣ ਵਾਲੇ 36 ਕਾਂਗਰਸੀ ਲੀਡਰਾਂ ਉੱਤੇ ਐੱਫਆਈਆਰ ਦਰਜ ਕੀਤੀ ਗਈ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਹੋਰ ਕਈ ਕਾਂਗਰਸੀ ਲੀਡਰਾਂ ਖਿਲਾਫ਼ ਕੇਸ ਦਰਜ ਹੋਇਆ ਹੈ।
ਕੇਸ ਦਰਜ ਹੋਣ ਤੋਂ ਬਾਅਦ ਕਾਂਗਰਸ ਨੇ ਮੁੱਖ ਮੰਤਰੀ ਮਾਨ ਦਾ ਬਾਈਕਾਟ ਕਰ ਦਿੱਤਾ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਹੁਣ ਤੋਂ ਉਹ ਕਦੇ ਵੀ ਸੀਐੱਮ ਮਾਨ ਨੂੰ ਨਹੀਂ ਮਿਲਣਗੇ। ਬਾਜਵਾ ਨੇ ਕਿਹਾ ਕਿ ਜਿੰਨਾ ਚਿਰ ਵੀ ਭਗਵੰਤ ਮਾਨ ਦੀ ਸਰਕਾਰ ਚੱਲੇਗੀ, ਜਿੱਥੇ ਵੀ ਭਗਵੰਤ ਮਾਨ ਸਾਨੂੰ ਸੱਦਣਗੇ, ਭਾਵੇਂ ਉਹ ਲੰਚ ਹੋਵੇ, ਅਸੈਂਬਲੀ ਵਿੱਚ ਹੋਵੇ, ਅਸੀਂ ਉਸ ਵਿਅਕਤੀ ਦਾ ਪੂਰੀ ਤਰ੍ਹਾਂ ਬਾਈਕਾਟ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ ਹੈਰਾਨ ਹਾਂ ਕਿ ਭਗਵੰਤ ਮਾਨ ਨੇ ਘਰ ਵਿੱਚ ਹੋਣ ਦੇ ਬਾਵਜੂਦ ਵੀ ਵਿਰੋਧੀ ਧਿਰ ਨਾਲ ਮੁਲਾਕਾਤ ਨਾ ਕਰਕੇ ਉਨ੍ਹਾਂ ਨੂੰ ਜ਼ਲੀਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੁਲਾਕਾਤ ਲਈ ਅਗਲਾ ਸਮਾਂ ਦੇ ਦਿੱਤਾ ਗਿਆ, ਕੀ ਅਸੀਂ ਏਨੇ ਵਿਹਲੇ ਹਾਂ ਕਿ ਇਹ ਜਦੋਂ ਸੱਦਿਆ ਕਰਨਗੇ, ਅਸੀਂ ਉਦੋਂ ਹੀ ਮਿਲਣ ਲਈ ਆ ਜਾਇਆ ਕਰਾਂਗੇ। ਬਾਜਵਾ ਨੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਭਗਵੰਤ ਮਾਨ ਰਾਜ ਕਰਨ ਲਈ ਨਾ ਕਾਬਿਲ ਹੈ।
ਦਰਅਸਲ, ਕੱਲ੍ਹ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸੀਆਂ ਦਾ ਇੱਕ ਵਫ਼ਦ ਮੁੱਖ ਮੰਤਰੀ ਮਾਨ ਨਾਲ ਮੁਲਾਕਾਤ ਕਰਨ ਦੇ ਲਈ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਉੱਤੇ ਮਿਲਣ ਲਈ ਗਿਆ ਸੀ ਪਰ ਮੁੱਖ ਮੰਤਰੀ ਨਾਲ ਮੁਲਾਕਾਤ ਨਾ ਹੋਣ ਉੱਤੇ ਗੁੱਸੇ ਵਿੱਚ ਕਾਂਗਰਸੀਆਂ ਨੇ ਭਗਵੰਤ ਮਾਨ ਦੇ ਘਰ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਪੁਲਿਸ ਨੇ ਸਾਰੇ ਕਾਂਗਰਸੀ ਲੀਡਰਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਉਸ ਤੋਂ ਥੋੜੀ ਦੇਰ ਬਾਅਦ ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਕਿਹਾ ਸੀ ਕਿ ਕਾਂਗਰਸੀ ਵਫ਼ਦ ਵੱਲੋਂ ਉਨ੍ਹਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਕੋਈ ਸਮਾਂ ਨਹੀਂ ਮੰਗਿਆ ਗਿਆ ਸੀ। ਉਹਨਾਂ ਨੇ ਨਾਲ ਹੀ ਦੋਸ਼ ਲਾਇਆ ਕਿ ਰਿਸ਼ਵਤ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਆਪਣੇ ਲੀਡਰਾਂ ਦੇ ਹੱਕ ਵਿੱਚ ਮੇਰੇ ਘਰ ਧਰਨਾ ਦੇਣ ਆਈ ਕਾਂਗਰਸ ਵੱਲੋਂ ਪੰਜਾਬ ਲੁੱਟਣ ਵਾਲਿਆਂ ਦਾ ਸਾਥ ਦੇਣਾ ਇਹ ਸਬੂਤ ਹੈ ਕਿ ਰਿਸ਼ਵਤ ਇਨ੍ਹਾਂ ਦੇ ਖ਼ੂਨ ਵਿੱਚ ਹੈ।
ਰਾਜਾ ਵੜਿੰਗ ਨੇ ਮੁੱਖ ਮੰਤਰੀ ਮਾਨ ਦੇ ਟਵੀਟ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਰਿਸ਼ਵਤਖੋਰਾਂ ਦੇ ਹੱਕ ਵਿੱਚ ਨਹੀਂ, ਬਲਕਿ ਪੰਜਾਬ ਵਿੱਚ ਵਿਗੜ ਰਹੀ ਅਮਨ ਕਾਨੂੰਨ ਵਿਵਸਥਾ ਦੇ ਮੁੱਦੇ ਨੂੰ ਲੈ ਕੇ ਮੁਲਾਕਾਤ ਕਰਨਾ ਚਾਹੁੰਦੇ ਸਨ।