‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬੀਤੀ 26 ਮਾਰਚ ਨੂੰ ‘ਭਾਰਤ ਬੰਦ’ ਦੇ ਸੱਦੇ ‘ਤੇ ਹਰਿਆਣਾ ਦੇ ਪਲਵਲ ’ਚ ਕਿਸਾਨਾਂ ਵੱਲੋਂ ਰਾਸ਼ਟਰੀ ਰਾਜ ਮਾਰਗ-19 ਜਾਮ ਕੀਤਾ ਗਿਆ ਸੀ। ਇਸ ਮਾਮਲੇ ’ਚ ਪਲਵਲ ਪੁਲਿਸ ਨੇ 16 ਲੋਕਾਂ ਨੂੰ ਨਾਮਜ਼ਦ ਕੀਤਾ ਹੈ ਤੇ 450 ਤੋਂ 500 ਹੋਰ ਕਿਸਾਨਾਂ ਖਿਲਾਫ FIR ਦਰਜ ਕੀਤੀ ਹੈ। ਜਾਣਕਾਰੀ ਅਨੁਸਾਰ ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਨਾਮਜ਼ਦ ਕਿਸਾਨ ਆਗੂਆਂ ਤੇ ਹੋਰ ਕਿਸਾਨਾਂ ‘ਤੇ ਨੈਸ਼ਨਲ ਹਾਈਵੇਅ ਐਕਟ 8ਬੀ, 148, 149, 86, 188, 283, 353 IPC ਅਧੀਨ ਮੁਕੱਦਮੇ ਕੀਤੇ ਗਏ ਹਨ।
ਨਾਮਜ਼ਦ ਕੀਤੇ ਵਿਅਕਤੀਆਂ ਵਿੱਚ ਔਰੰਗਾਬਾਦ ਪਿੰਡ ਦੇ ਨਿਵਾਸੀ ਸਮੁੰਦਰ, ਮਹੇਂਦਰ, ਜੈਰਾਮ, ਹੁਸ਼ਿਆਰ, ਮੇਘ ਸਿੰਘ, ਹਰੀ, ਸੁਮੇਰ, ਬੁੱਧੀ, ਸ਼ਿਵਰਾਮ, ਨੱਥੀ, ਅਤਰ ਸਿੰਘ, ਰਤਲ ਸਿੰਘ, ਰਾਮਵੀਰ ਤੇ ਪਿੰਡ ਜਨੌਲੀ ਨਿਵਾਸੀ ਛੋਟਾ ਪਹਿਲਵਾਨ ਦਾ ਨਾਂ ਸ਼ਾਮਿਲ ਹੈ।
ਪੁਲਿਸ ਅਨੁਸਾਰ ਹਾਈਵੇਅ ਜਾਮ ਹੋਣ ਕਰਕੇ ਕਈ ਵਾਹਨ ਫਸੇ ਰਹੇ ਹਨ। ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਕਈ ਥਾਈਂ ਫ਼ੌਜ ਦੀਆਂ ਗੱਡੀਆਂ ਤੇ ਐਂਬੂਲੈਂਸ ਦੇ ਫਸਣ ਦੀਆਂ ਵੀ ਖਬਰਾਂ ਮਿਲੀਆਂ ਸਨ।
ਉੱਧਰ ਕਿਸਾਨ ਲੀਡਰਾਂ ਨੇ ਇਸ ਕਾਰਵਾਈ ਨੂੰ ਤਾਨਾਸ਼ਾਹੀ ਦੱਸਿਆ ਹੈ। ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਸਾਰੀਆਂ ਫੌਰੀ ਸੇਵਾਵਾਂ ਨੂੰ ਜਾਮ ਵਿੱਚੋਂ ਜਾਣ ਦਿੱਤਾ ਗਿਆ ਹੈ।