ਮੰਡੀ ਸੀਟ ਤੋਂ ਬੀਜੇਪੀ ਸਾਂਸਦ ਤੇ ਅਦਾਕਾਰਾ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਸੀਆਈਐਸਐਫ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਉਸ ਖ਼ਿਲਾਫ਼ ਰੋਹ ਰੋਕਣ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਹੇਠ ਕੇਸ ਦਰਜ ਕੀਤਾ ਗਿਆ ਹੈ। ਸੀਆਈਐਸਐਫ ਨੇ ਕੁਲਵਿੰਦਰ ਨੂੰ ਮੁਅੱਤਲ ਕਰਕੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਉੱਧਰ ਇਸ ਮਾਮਲੇ ਵਿੱਚ ਕਿਸਾਨ ਜਥੇਬੰਦੀਆਂ ਕੁਲਵਿੰਦਰ ਦੇ ਸਮਰਥਨ ਵਿੱਚ ਆ ਗਈਆਂ ਹਨ। ਸਿੱਖ ਜਥੇਬੰਦੀ ਨੇ ਕੁਲਵਿੰਦਰ ਦੇ ਮਾਪਿਆਂ ਨੂੰ ਬਹਾਦਰ ਦੱਸ ਕੇ ਸਨਮਾਨਿਤ ਕੀਤਾ। ਇਸ ਦੌਰਾਨ ਬਾਲੀਵੁੱਡ ਗਾਇਕ ਵਿਸ਼ਾਲ ਦਦਲਾਨੀ ਨੇ ਕੁਲਵਿੰਦਰ ਨੂੰ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ ਹੈ।
ਕੰਗਨਾ ਦੇ ਪ੍ਰਸ਼ੰਸਕਾਂ ਨੇ ਤਾਂ ਸੋਸ਼ਲ ਮੀਡੀਆ ‘ਤੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਪਰ ਬਾਲੀਵੁੱਡ ਦੇ ਜ਼ਿਆਦਾਤਰ ਸਿਤਾਰੇ ਇਸ ਬਾਰੇ ਚੁੱਪ ਰਹੇ। ਫਿਲਮ ਇੰਡਸਟਰੀ ਦੀ ਇਸ ਚੁੱਪ ਨੂੰ ਦੇਖ ਕੇ ਕੰਗਨਾ ਦਾ ਗੁੱਸਾ ਭੜਕ ਗਿਆ ਹੈ। ਉਸ ਨੇ ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ ‘ਤੇ ਬਾਲੀਵੁੱਡ ਮਸ਼ਹੂਰ ਹਸਤੀਆਂ ਵਿਰੁੱਧ ਆਪਣਾ ਗੁੱਸਾ ਕੱਢਿਆ, ਹਾਲਾਂਕਿ ਉਸ ਨੇ ਕੁਝ ਮਿੰਟਾਂ ਬਾਅਦ ਇਸ ਨੂੰ ਡਿਲੀਟ ਵੀ ਕਰ ਦਿੱਤਾ। ਫਿਰ ਵੀ ਕੰਗਣਾ ਦੀ ਇਹ ਪੋਸਟ ਵਾਇਰਲ ਹੋ ਗਈ ਹੈ।
ਕੰਗਨਾ ਨੇ ਇੰਸਟਾਗ੍ਰਾਮ ਸਟੋਰੀ ‘ਚ ਲਿਖਿਆ, “ਡੀਅਰ ਫਿਲਮ ਇੰਡਸਟਰੀ, ਤੁਸੀਂ ਸਾਰੇ ਇਸ ਸਮੇਂ ਜਸ਼ਨ ਮਨਾ ਰਹੇ ਹੋ ਜਾਂ ਏਅਰਪੋਰਟ ‘ਤੇ ਮੇਰੇ ‘ਤੇ ਹੋਏ ਹਮਲੇ ਤੋਂ ਬਾਅਦ ਪੂਰੀ ਤਰ੍ਹਾਂ ਚੁੱਪ ਬੈਠੇ ਹੋ। ਪਰ ਇੱਕ ਗੱਲ ਯਾਦ ਰੱਖਿਓ। ਜੇ ਕੱਲ੍ਹ ਨੂੰ ਤੁਸੀਂ ਆਪਣੇ ਦੇਸ਼ ਦੀਆਂ ਸੜਕਾਂ ‘ਤੇ ਜਾਂ ਇਸ ਦੁਨੀਆ ਦੇ ਕਿਸੇ ਵੀ ਹਿੱਸੇ ‘ਤੇ ਬਿਨਾਂ ਕਿਸੇ ਹਥਿਆਰ ਦੇ ਘੁੰਮ ਰਹੇ ਹੋਵੋਂਗੇ, ਅਤੇ ਫਿਰ ਕੋਈ ਇਜ਼ਰਾਈਲੀ ਜਾਂ ਫਲਸਤੀਨੀ ਤੁਹਾਡੇ ‘ਤੇ ਅਤੇ ਤੁਹਾਡੇ ਬੱਚਿਆਂ ‘ਤੇ ਇਸ ਕਰਕੇ ਹਮਲਾ ਕਰਨ ਦੀ ਕੋਸ਼ਿਸ਼ ਕਰੇ ਕਿਉਂਕਿ ਤੁਸੀਂ ਇਜ਼ਰਾਈਲ ਦੇ ਬੰਧਕ ਬਣਾਏ ਗਏ ਲੋਕਾਂ ਦੇ ਹੱਕ ਵਿੱਚ ਖੜੇ ਹੋਏ ਸੀ, ਤਾਂ ਦੇਖਣਾ ਕਿ ਮੈਂ ਤੁਹਾਡੇ ਹੱਕਾਂ ਲਈ ਲੜਦੀ ਨਜ਼ਰ ਆਵਾਂਗੀ। ਜੇ ਕਦੀ ਇਸ ਗੱਲ ’ਤੇ ਹੈਰਾਨੀ ਹੋਈ ਕਿ ਮੈਂ ਜਿੱਥੇ ਹਾਂ ਉੱਥੇ ਕਿਉਂ ਹਾਂ, ਤਾਂ ਯਾਦ ਰੱਖਿਓ ਕਿ ਤੁਹਾਡੇ ਵਿੱਚੋਂ ਕੋਈ ਵੀ ਮੇਰੇ ਵਰਗਾ ਨਹੀਂ ਹੈ।”
ਕੰਗਨਾ ਨੇ ਅੱਗੇ ਲਿਖਿਆ, “ਰਫਾ ਦਾ ਸਮਰਥਨ ਕਰਨ ਵਾਲੇ ਗੈਂਗ, ਜਦੋਂ ਤੁਸੀਂ ਕਿਸੇ ‘ਤੇ ਹਮਲੇ ਦਾ ਜਸ਼ਨ ਮਨਾਉਂਦੇ ਹੋ ਤਾਂ ਯਾਦ ਰੱਖਿਓ, ਕਦੇ ਤੁਹਾਡੇ ਨਾਲ ਵੀ ਅਜਿਹਾ ਹੋ ਸਕਦਾ ਹੈ।”