‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਛੱਤੀਸਗੜ ਦੀ ਰਾਜਧਾਨੀ ਰਾਏਪੁਰ ਦੇ ਸਿਵਲ ਲਾਈਨਜ਼ ਥਾਣੇ ਵਿੱਚ ਬਾਬਾ ਰਾਮਦੇਵ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਰਾਏਪੁਰ ਦੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਸ਼ਿਕਾਇਤ ‘ਤੇ ਆਈਪੀਸੀ ਦੀਆਂ ਕੁੱਝ ਧਾਰਾਵਾਂ 186, 188, 269, 270, 504, 505 (1), 51, 52, 54 ਦੇ ਤਹਿਤ ਦਰਜ ਕੇਸ ਵਿੱਚ ਕੁੱਝ ਧਾਰਾਵਾਂ ਗੈਰ ਜ਼ਮਾਨਤੀ ਹਨ।
ਪੁਲਿਸ ਅਨੁਸਾਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾ. ਰਾਕੇਸ਼ ਗੁਪਤਾ, ਡਾ. ਵਿਕਾਸ ਅਗਰਵਾਲ, ਡਾ ਆਸ਼ਾ ਜੈਨ ਅਤੇ ਡਾ. ਅਨਿਲ ਜੈਨ ਨੇ ਇੱਕ ਲਿਖਤੀ ਸ਼ਿਕਾਇਤ ਵਿੱਚ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ “ਟੀਕਾਕਰਣ ਬਾਰੇ, ਦਵਾਈਆਂ ਦੇ ਬਾਰੇ ਅਫਵਾਹ ਫੈਲਾਉਣਾ ਦੇਸ਼ ਧ੍ਰੋਹ ਦੀ ਸ਼੍ਰੋਣੀ ਦਾ ਅਪਰਾਧ ਹੈ ਅਤੇ ਬਾਬਾ ਰਾਮਦੇਵ ਨੂੰ ਇਸਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।
ਆਪਣੀ ਸ਼ਿਕਾਇਤ ਵਿੱਚ ਇਨ੍ਹਾਂ ਡਾਕਟਰਾਂ ਨੇ ਕਿਹਾ ਹੈ ਕਿ ਰਾਮਕ੍ਰਿਸ਼ਨ ਯਾਦਵ ਉਰਫ ਬਾਬਾ ਰਾਮਦੇਵ ਵੱਲੋਂ ਦੇਸ਼ ਦੇ ਸਮੁੱਚੇ ਮੈਡੀਕਲ ਭਾਈਚਾਰੇ ਅਤੇ ਵੱਖ-ਵੱਖ ਪ੍ਰਮੁੱਖ ਸੰਸਥਾਵਾਂ, ਜਿਵੇਂ ਕਿ ਇੰਡੀਅਨ ਕੌਂਸਲ ਆਫ਼ ਮੈਡੀਕਲ ਸਮੇਤ ਵੱਖ-ਵੱਖ ਪ੍ਰਮੁੱਖ ਸੰਸਥਾਵਾਂ ਦੁਆਰਾ ਨਿਰਦੇਸ਼ਤ ਅਤੇ ਕਰੀਬ ਪਿਛਲੇ ਸਵਾ ਸਾਲ ਤੋਂ ਵੀ ਵੱਧ ਸਮੇਂ ਤੋਂ ਵਰਤੀ ਜਾ ਰਹੀ ਕਰੋਨਾ ਲਾਗ ਦੀਆਂ ਦਵਾਈਆਂ ਬਾਰੇ ਸ਼ੋਸ਼ਲ ਮੀਡੀਆ ‘ਤੇ ਗਲਤ ਪ੍ਰਚਾਰ ਅਤੇ ਧਮਕੀ ਭਰੇ ਬਿਆਨਾਂ ਨਾਲ ਭਰਪੂਰ ਵੀਡੀਓ ਜਾਰੀ ਕੀਤੀ ਜਾ ਰਹੀ ਹੈ।
ਡਾਕਟਰਾਂ ਨੇ ਦੋਸ਼ ਲਾਇਆ ਹੈ ਕਿ ਬਾਬਾ ਰਾਮਦੇਵ ਨੇ ਕੇਂਦਰੀ ਮਹਾਂਮਾਰੀ ਐਕਟ, ਸਰਕਾਰ ਦੁਆਰਾ ਨਿਰਦੇਸ਼ਤ ਨੀਤੀਆਂ ਅਤੇ ਦਵਾਈਆਂ ਬਾਰੇ ਗੁੰਮਰਾਹਕੁੰਨ ਅਤੇ ਦੇਸ਼ ਧ੍ਰੋਹੀ ਬਿਆਨ ਦਿੱਤੇ ਹਨ। ਆਪਣੀ ਸ਼ਿਕਾਇਤ ਵਿੱਚ ਡਾਕਟਰਾਂ ਨੇ ਕਿਹਾ ਹੈ ਕਿ ਮੈਡੀਕਲ ਜਗਤ ਵਿਰੁੱਧ ਭੜਕਾਊ ਭਾਸ਼ਾ ਦੀ ਵਰਤੋਂ ਕਰਕੇ, ਮੈਡੀਕਲ ਵਰਗ ਗੁੰਝਲਦਾਰ ਤੱਤਾਂ ਦੇ ਨਿਸ਼ਾਨੇ ਵਿੱਚ ਆ ਸਕਦਾ ਹੈ।