Punjab

ਪੰਜਾਬੀ ਗਾਇਕ ਸਿੰਗਾ ਸਮੇਤ 5 ਲੋਕਾਂ ‘ਤੇ FIR ਦਰਜ , ਬਣੀ ਇਹ ਵਜ੍ਹਾ…

FIR filed against 5 people including Punjabi singer Singa

ਕਪੂਰਥਲਾ ‘ਚ ਅਸ਼ਲੀਲਤਾ ਅਤੇ ਹਥਿਆਰਾਂ ਦਾ ਪ੍ਰਚਾਰ ਕਰਨ ਦੇ ਦੋਸ਼ ‘ਚ ਪੰਜਾਬੀ ਗਾਇਕ ਮਨਪ੍ਰੀਤ ਸਿੰਘ ਸਿੰਗਾ ਸਮੇਤ 5 ਲੋਕਾਂ ‘ਤੇ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਭੀਮ ਰਾਓ ਯੁਵਾ ਫੋਰਸ ਦੇ ਮੁਖੀ ਅਮਨਦੀਪ ਸਹੋਤਾ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਹੈ।

ਮੈਂਬਰਾਂ ਨੇ ਐਸਐਸਪੀ ਕਪੂਰਥਲਾ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ਼ ਸਿੰਗਾ ਵਾਸੀ ਪਿੰਡ ਜਗਨੀਵਾਲ ਜ਼ਿਲ੍ਹਾ ਹੁਸ਼ਿਆਰਪੁਰ ਨੇ ਹਥਿਆਰਾਂ ਵਾਲੇ ਗੀਤਾਂ ਦਾ ਪ੍ਰਚਾਰ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।

ਸ਼ਿਕਾਇਤ ਵਿਚ ਦੱਸਿਆ ਕਿ ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ ਸਿੰਗਾ ਵਾਸੀ ਪਿੰਡ ਜਾਗਨੀਵਾਲ ਹੁਸ਼ਿਆਰਪੁਰ ਆਪਣੇ ਗਾਣਿਆਂ ਵਿਚ ਪਹਿਲਾਂ ਹਥਿਆਰਾਂ ਨੂੰ ਪ੍ਰਮੋਟ ਕਰਕੇ ਪੰਜਾਬ ਦੀ ਜਵਾਨੀ ਨੂੰ ਗਲਤ ਰਸਤੇ ‘ਤੇ ਲਿਜਾਣ ਲਈ ਉਕਸਾ ਰਿਹਾ ਹੈ। ਹੁਣ ਉਸ ਨੇ ਫਿਰ ਤੋਂ ਆਪਣੀ ਟੀਮ ਪ੍ਰੋਡਿਊਸਰ ਬਿਗ ਦੇ ਸਿੰਘ, ਡਾਇਰੈਕਟਰ ਅਮਨਦੀਪ ਸਿੰਘ, ਡੀਓਪੀ ਵਰੁਣ ਵਰਮਾ ਉਰਫ ਸੋਨੂੰ ਗਿੱਲ ਤੇ ਐਡੀਟਿੰਗ ਜਤਿਨ ਅਰੋਰਾ ਨਾਲ ਮਿਲ ਕੇ ਇਕ ਨਵਾਂ ਗੀਤ ‘ਸਟਿਲ ਅਲਾਈਵ’ ਲਗਭਗ ਇਕ ਮਹੀਨੇ ਪਹਿਲਾਂ ਹੀ ਲਾਂਚ ਕੀਤਾ ਹੈ।

ਇਹ ਗੀਤ ਪੰਜਾਬੀ ਚੈਨਲਾਂ ‘ਤੇ ਲਗਾਤਾਰ ਚੱਲ ਰਿਹਾ ਹੈ। ਇਸ ‘ਚ ਅਸ਼ਲੀਲਤਾ ਭਰੀ ਹੋਈ ਹੈ ਤੇ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕਰਕੇ ਸਮਾਜ ਵਿਚ ਸ਼ਰੇਆਮ ਅਸ਼ਲੀਲਤਾ ਫੈਲਾਈ ਜਾ ਰਹੀ ਹੈ। ਅਜਿਹੇ ਗੀਤ ਪਰਿਵਾਰ ਵਿਚ ਸੁਣਨ ਯੋਗ ਨਹੀਂ ਹਨ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਪੰਜਾਬੀ ਗਾਇਕ ਸਣੇ 5 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ।

ਪੁਲਿਸ ਨੇ ਸਿੰਗਾ ਤੋਂ ਇਲਾਵਾ ਨਿਰਮਾਤਾ ਬਿੱਗ ਕੇ ਸਿੰਘ, ਨਿਰਦੇਸ਼ਕ ਅਮਨਦੀਪ ਸਿੰਘ, ਵੀਰੂਨ ਵਰਮਾ ਸੋਨੂੰ ਗਿੱਲ ਡੀਓਪੀ ਅਤੇ ਗੀਤ ਦਾ ਸੰਪਾਦਨ ਕਰਨ ਵਾਲੇ ਜਤਿਨ ਅਰੋੜਾ ਨੂੰ ਨਾਮਜ਼ਦ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 294 ਅਤੇ 120ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਦੋ ਸਾਲ ਪਹਿਲਾਂ ਸਾਈਬਰ ਸੈੱਲ ਮੁਹਾਲੀ ਨੇ ਵਾਇਰਲ ਵੀਡੀਓ ਦੇ ਆਧਾਰ ’ਤੇ ਸਿੰਗਾ ਅਤੇ ਉਸ ਦੇ ਸਾਥੀ ਜਗਪ੍ਰੀਤ ਸਿੰਘ ਉਰਫ਼ ਜੱਗੀ ਖ਼ਿਲਾਫ਼ ਆਈਪੀਸੀ ਦੀ ਧਾਰਾ 336 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਸੈਸ਼ਨ ਅਦਾਲਤ ਨੇ ਸਿੰਗਾ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਸੀ।