ਗੁਰਦਾਸਪੁਰ ਦੀ ਇੱਕ ਮਹਿਲਾ ਜੱਜ ਦੇ ਘਰ ਹੋਈ ਚੋਰੀ ਦੇ ਮਾਮਲੇ ’ਚ ਨੌਕਰਾਣੀ ’ਤੇ ਅਣਮਨੁੱਖੀ ਤਸ਼ੱਦਦ ਕਰਨ ਵਾਲੇ ਦੋ ਸਹਾਇਕ ਸਬ ਇੰਸਪੈਕਟਰਾਂ ਮੰਗਲ ਸਿੰਘ ਤੇ ਅਸ਼ਵਨੀ ਕੁਮਾਰ ਖ਼ਿਲਾਫ਼ ਘਟਨਾ ਤੋਂ ਤਿੰਨ ਹਫ਼ਤੇ ਬਾਅਦ ਕੇਸ ਦਰਜ ਹੋ ਗਿਆ ਹੈ। ਇਹ ਕਾਰਵਾਈ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਪੀੜਤ ਲੜਕੀ ਜੱਜ ਦੇ ਘਰ ਵਿੱਚ ਹੀ ਕੰਮ ਕਰਦੀ ਸੀ ਤੇ ਪੁਲਿਸ ਨੇ ਇਸ ਨੂੰ ਪੁੱਛ-ਪੜਤਾਲ ਲਈ ਹਿਰਾਸਤ ’ਚ ਲਿਆ ਸੀ। ਮਾਮਲੇ ਵਿਚ ਇਨ੍ਹਾਂ ਦੋਵਾਂ ਤੋਂ ਇਲਾਵਾ ਥਾਣਾ ਸਿਟੀ ਗੁਰਦਾਸਪੁਰ ਦੇ ਤਤਕਾਲੀ ਮੁਖੀ ਗੁਰਮੀਤ ਸਿੰਘ ਅਤੇ ਜੱਜ ਦੀ ਸੁਰੱਖਿਆ ਵਿੱਚ ਤਾਇਨਾਤ ਸਰਵਣ ਸਿੰਘ ਪਹਿਲਾਂ ਹੀ ਮੁਅੱਤਲ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਮਾਮਲੇ ਦੀ ਵਿਭਾਗੀ ਜਾਂਚ ਐੱਸਪੀ ਰੈਂਕ ਦੇ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਹੈ।
ਪੀੜਤ ਲੜਕੀ ਨੇ ਦੋਸ਼ ਲਗਾਇਆ ਸੀ ਕਿ ਚੋਰੀ ਦੀ ਘਟਨਾ ਤੋਂ ਬਾਅਦ ਬੀਤੀ 2 ਜੁਲਾਈ ਨੂੰ ਪੁੱਛ-ਪੜਤਾਲ ਲਈ ਇਨ੍ਹਾਂ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਘਰੋਂ ਚੁੱਕ ਲਿਆ ਸੀ ਅਤੇ ਪੁਲਿਸ ਸਟੇਸ਼ਨ ਦੇ ਰਿਹਾਇਸ਼ੀ ਕੁਆਰਟਰਾਂ ਵਿੱਚ ਬਿਨਾ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ’ਚ ਉਸ ਦੇ ਗੁਪਤ ਅੰਗਾਂ ’ਤੇ ਕਰੰਟ ਤੱਕ ਲਗਾਇਆ ਗਿਆ ਸੀ।
ਹਸਪਤਾਲ ਵਿੱਚ ਦਾਖਲ ਕਰਨ ਵਾਲੇ ਡਾਕਟਰ ਰਾਜ ਮਸੀਹ ਨੇ ਐੱਮਐੱਲਆਰ ਵਿੱਚ ਜ਼ਿਕਰ ਕੀਤਾ ਸੀ ਕਿ ਪੀੜਤ ਲੜਕੀ ਮਮਤਾ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ ’ਤੇ ਸੱਟਾਂ ਦੇ 13 ਨਿਸ਼ਾਨ ਪਾਏ ਗਏ ਹਨ। ਲੜਕੀ ਅਜੇ ਤੱਕ ਹਸਪਤਾਲ ਵਿੱਚ ਇਲਾਜ ਅਧੀਨ ਹੈ।