The Khalas Tv Blog Punjab ਲੁਧਿਆਣਾ ‘ਚ ਜੰਮੂ-ਦਿੱਲੀ ਐੱਨਐੱਚ ‘ਤੇ ਨਾਕਾਬੰਦੀ ਕਰਨ ਵਾਲਿਆਂ ਖਿਲਾਫ FIR….
Punjab

ਲੁਧਿਆਣਾ ‘ਚ ਜੰਮੂ-ਦਿੱਲੀ ਐੱਨਐੱਚ ‘ਤੇ ਨਾਕਾਬੰਦੀ ਕਰਨ ਵਾਲਿਆਂ ਖਿਲਾਫ FIR….

ਪੰਜਾਬ ਦੇ ਲੁਧਿਆਣਾ ‘ਚ ਜੰਮੂ-ਦਿੱਲੀ ਨੈਸ਼ਨਲ ਹਾਈਵੇ ‘ਤੇ ਲਾਡੋਵਾਲ ਟੋਲ ਪਲਾਜ਼ਾ ‘ਤੇ ਜਾਮ ਲਾਉਣ ਵਾਲੇ ਕਰੀਬ 250 ਲੋਕਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਇੱਕ ਦਿਨ ਪਹਿਲਾਂ ਵੀਰਵਾਰ ਨੂੰ ਟਰੱਕ ਯੂਨੀਅਨ ਅਤੇ ਪੱਲੇਦਾਰ ਯੂਨੀਅਨ ਨੇ ਅਨਾਜ ਨੀਤੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ।

ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਵੀ ਕੀਤਾ। ਪੁਲਿਸ ਹੁਣ ਸੀਸੀਟੀਵੀ ਕੈਮਰਿਆਂ ਰਾਹੀਂ ਪ੍ਰਦਰਸ਼ਨਕਾਰੀਆਂ ਦੀ ਪਛਾਣ ਕਰ ਰਹੀ ਹੈ। ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 353,186,283,278,149,8-ਬੀ ਨੈਸ਼ਨਲ ਹਾਈਵੇ ਐਕਟ 1956 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਫਿਲਹਾਲ ਪੁਲਿਸ ਨੇ ਆਲ ਪੰਜਾਬ ਟਰੱਕ ਅਪਰੇਟਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੁਖ ਸਿੰਘ ਸੰਧੂ, ਯੂਨੀਅਨ ਸ਼ਾਹਕੋਟ ਦੇ ਪ੍ਰਧਾਨ ਪ੍ਰੇਮ ਲਾਲ, ਗੁਰਬਚਨ ਸਿੰਘ, ਕੇਵਲ ਸਿੰਘ, ਜਰਨੈਲ ਦਿਹਾੜੀ ਮਜ਼ਦੂਰ ਸਭਾ ਫਿਲੌਰ, ਜਗਤਾਰ ਸਿੰਘ ਫਿਰੋਜ਼ ਟਰੱਕ ਅਪਰੇਟਰ ਯੂਨੀਅਨ ਮੈਂਬਰ, ਕੁਲਦੀਪ ਸਿੰਘ ਨੂੰ ਨਾਮਜ਼ਦ ਕੀਤਾ ਹੈ। ਗੁਰਮੁਖ ਸੰਧੂ, ਪ੍ਰੇਮ ਲਾਲ, ਗੁਰਬਚਨ ਸਿੰਘ ਅਤੇ ਕੇਵਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਚਾਰਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਵੇਗੀ। ਮਾਮਲੇ ਦੀ ਜਾਂਚ ਸਬ ਇੰਸਪੈਕਟਰ ਪ੍ਰਗਟ ਸਿੰਘ ਕਰ ਰਹੇ ਹਨ।

ਟਰੱਕ ਅਪਰੇਟਰਾਂ ਨੇ ਵੀਰਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਜਾਮ ਦਾ ਸੱਦਾ ਦਿੱਤਾ ਸੀ। ਪੁਲਿਸ ਨੇ ਦੁਪਹਿਰ ਵੇਲੇ ਉਨ੍ਹਾਂ ਨੂੰ ਰੋਕ ਲਿਆ। ਇਸ ਤੋਂ ਬਾਅਦ ਦੁਪਹਿਰ ਕਰੀਬ 2.30 ਵਜੇ ਪੁਲੀਸ ਨੇ ਟਰੱਕ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਅਤੇ ਪੱਲੇਦਾਰ ਯੂਨੀਅਨ ਦੇ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਜਿਸ ਤੋਂ ਬਾਅਦ ਨਾਰਾਜ਼ ਵਰਕਰਾਂ ਨੇ ਹਾਈਵੇਅ ਜਾਮ ਕਰ ਦਿੱਤਾ। ਕਰੀਬ 3 ਘੰਟੇ ਸਮਝਾਉਣ ਦੇ ਬਾਵਜੂਦ ਜਦੋਂ ਧਰਨਾਕਾਰੀ ਨਾ ਮੰਨੇ ਤਾਂ ਏਡੀਸੀਪੀ ਰਮਨਦੀਪ ਭੁੱਲਰ ਦੀ ਅਗਵਾਈ ਹੇਠ ਪੁਲੀਸ ਨੇ ਪ੍ਰਦਰਸ਼ਨਕਾਰੀਆਂ ’ਤੇ ਲਾਠੀਆਂ ਵਰਸਾਈਆਂ।

Exit mobile version