Punjab

ਸ਼ੁਭਕਰਨ ਦੇ ਭੋਗ ਦੇ ਚੜ੍ਹਾਵੇ ਨੂੰ ਲੈ ਭਖਿਆ ਵਿਵਾਦ, ਗੁਰਦੁਆਰਾ ਕਮੇਟੀ ਨੇ ਕਿਹਾ- ਕਿਸਾਨ ਯੂਨੀਅਨਾਂ ਨੇ ਮੰਗੇ ਪੈਸੇ…

ਪੰਜਾਬ ਦੇ ਖਨੌਰੀ ਬਾਰਡਰ ‘ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਭੋਗ ਇੱਕਠੇ ਹੋਏ ਚੜ੍ਹਾਵੇ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਪਿੰਡ ਦੇ ਗੁਰਦੁਆਰਾ ਅਕਾਲ ਸਹਾਏ ਦੇ ਪ੍ਰਬੰਧਕਾਂ ਨੇ ਦੋਸ਼ ਲਾਇਆ ਹੈ ਕਿ ਕਿਸਾਨ ਯੂਨੀਅਨ ਨੇ ਚੜ੍ਹਾਵੇ ਵਿੱਚੋਂ ਇੱਕ ਲੱਖ ਰੁਪਏ ਦੀ ਮੰਗ ਕੀਤੀ ਹੈ। ਕਿਸਾਨ ਜਥੇਬੰਦੀ ਨੇ ਅਜਿਹੀ ਕਿਸੇ ਵੀ ਮੰਗ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।

ਇਸ ਦੇ ਨਾਲ ਹੀ ਸ਼ੁਭਕਰਨ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਨੇ ਆ ਕੇ ਉਨ੍ਹਾਂ ਨੂੰ ਨਹੀਂ ਮਿਲਿਆ ਅਤੇ ਨਾ ਹੀ ਉਨ੍ਹਾਂ ਤੋਂ ਪੈਸੇ ਦੀ ਕੋਈ ਮੰਗ ਕੀਤੀ ਹੈ।  ਦਰਅਸਲ ਗ੍ਰੰਥੀ ਸਿੰਘ ਦੇ ਵੱਲੋਂ ਅਨਾਊਂਸਮੈਂਟ ਕੀਤੀ ਗਈ ਸੀ। ਜਿਸ ‘ਚ ਸਿੱਧੂਪੁਰ ਜਥੇਬੰਦੀ ਵੱਲੋਂ ਸ਼ੁਭਕਰਨ ਦੇ ਭੋਗ ਦਾ ਚੜ੍ਹਾਵਾ ਮੰਗਣ ਬਾਰੇ ਕਿਹਾ ਗਿਆ ਸੀ। ਜਿਸ ਤੋਂ ਬਾਅਦ ਕਿਸਾਨ ਜਥੇਬੰਦੀ ਸਿੱਧੂਪੁਰ ਵੱਲੋਂ ਸਫਾਈ ਦਿੱਤੀ ਗਈ ਹੈ।

ਸ਼ੁਭਕਰਨ ਸਿੰਘ ਦਾ ਭੋਗ 3 ਮਾਰਚ ਨੂੰ ਸੀਜਿਸ ਵਿੱਚ ਕਿਸਾਨ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਸੀ। ਪਿੰਡ ਦੇ ਗੁਰਦੁਆਰਾ ਸ੍ਰੀ ਅਕਾਲ ਸਹਾਏ ਦੇ ਪ੍ਰਬੰਧਕਾਂ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ’ਤੇ ਗੰਭੀਰ ਦੋਸ਼ ਲਾਏ ਹਨ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕਿਸਾਨ ਸ਼ੁਭਕਰਨ ਦੇ ਪਰਿਵਾਰ ਨੂੰ ਮਿਲ ਕੇ ਪੈਸਿਆਂ ਦੀ ਮੰਗ ਵੀ ਕਰ ਚੁੱਕੇ ਹਨ।

ਪ੍ਰਬੰਧਕਾਂ ਅਨੁਸਾਰ ਪਿੰਡ ਇਕੱਠਾ ਹੋਇਆ ਅਤੇ ਗੋਲਕ ਵਿੱਚ ਇਕੱਠਾ ਹੋਇਆ ਪੈਸਾ ਜਨਤਕ ਤੌਰ ’ਤੇ ਗਿਣਿਆ ਗਿਆ। ਇਹ ਰਕਮ ਲਗਪਗ 90 ਹਜ਼ਾਰ ਰੁਪਏ ਬਣਦੀ ਹੈ। ਪ੍ਰਬੰਧਕਾਂ ਨੇ ਸਪੱਸ਼ਟ ਕੀਤਾ ਕਿ ਇਹ ਪੈਸਾ ਗੁਰਦੁਆਰਾ ਸਾਹਿਬ ਦਾ ਹੈ ਅਤੇ ਇਸ ਦਾ ਇੱਕ ਰੁਪਇਆ ਵੀ ਕਿਸੇ ਨੂੰ ਨਹੀਂ ਦਿੱਤਾ ਜਾਵੇਗਾ।

ਕਿਸਾਨ ਯੂਨੀਅਨ ਸਿੱਧੂਪੁਰ ਦੇ ਮੁਖੀ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਯੂਨੀਅਨ ਨੇ ਨਾ ਤਾਂ ਅਜਿਹੀ ਕੋਈ ਮੰਗ ਉਠਾਈ ਹੈ ਅਤੇ ਨਾ ਹੀ ਉਨ੍ਹਾਂ ਵੱਲੋਂ ਕਿਸੇ ਨੂੰ ਅਜਿਹੀ ਮੰਗ ਕਰਨ ਲਈ ਕਿਹਾ ਹੈ। ਇਹ ਕਿਸਾਨ ਜਥੇਬੰਦੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ, ਤਾਂ ਜੋ ਸੱਚ ਸਾਹਮਣੇ ਲਿਆਂਦਾ ਜਾ ਸਕੇ।

ਇਸ ਵਿਵਾਦ ਦਰਮਿਆਨ ਸ਼ੁਭਕਰਨ ਸਿੰਘ ਦਾ ਪਰਿਵਾਰ ਵੀ ਅੱਗੇ ਆ ਗਿਆ ਹੈ। ਉਸ ਨੇ ਸਾਫ਼ ਇਨਕਾਰ ਕੀਤਾ ਕਿ ਕਿਸਾਨ ਜਥੇਬੰਦੀਆਂ ਨੇ ਉਸ ਨਾਲ ਆ ਕੇ ਕੋਈ ਮੁਲਾਕਾਤ ਨਹੀਂ ਕੀਤੀ ਅਤੇ ਨਾ ਹੀ ਉਸ ਵੱਲੋਂ ਪੈਸੇ ਦੀ ਕੋਈ ਮੰਗ ਕੀਤੀ ਗਈ ਹੈ। ਸ਼ੁਭਕਰਨ ਦੀ ਮੌਤ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਹੀ ਉਸ ਦੀ ਮਦਦ ਕੀਤੀ ਹੈ। ਸ਼ੁਭਕਰਨ ਸਿੰਘ ਦਾ ਨਾਂ ਬਦਨਾਮ ਨਾ ਕਰਨ ਦੀ ਵੀ ਅਪੀਲ ਕੀਤੀ।

ਸ਼ੁਭਕਰਨ ਦੀ 21 ਫਰਵਰੀ ਨੂੰ ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ ‘ਤੇ ਮੌਤ ਹੋ ਗਈ ਸੀ। ਕਿਸਾਨ ਆਗੂਆਂ ਅਤੇ ਪਰਿਵਾਰ ਦਾ ਕਹਿਣਾ ਸੀ ਕਿ ਹਰਿਆਣਾ ਪੁਲਿਸ ਨੇ ਸ਼ੁਭਕਰਨ ਨੂੰ ਗੋਲੀ ਮਾਰ ਦਿੱਤੀ ਸੀ।