ਬਿਊਰੋ ਰਿਪੋਰਟ : ਜਲੰਧਰ ਜ਼ਿਮਨੀ ਚੋਣ ਦੀ ਵੋਟਿੰਗ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਦਾ ਕਾਫ਼ਲਾ ਰੋਣਕ ਮਾਮਲੇ ਵਿੱਚ ਕਾਂਗਰਸ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਖਿਲਾਫ਼ ਕੇਸ ਦਰਜ ਹੋਇਆ ਹੈ। FIR ਵਿੱਚ ਸ਼ਾਹਕੋਟ ਤੋਂ ਕਾਂਗਰਸ ਦੇ ਵਿਧਾਇਕ ਸਮੇਤ 13 ਲੋਕਾਂ ਦਾ ਨਾਂ ਸ਼ਾਮਲ ਹਨ। ਵਿਧਾਇਕ ਦਲਬੀਰ ਸਿੰਘ ਟੌਂਗ ਦੇ ਡਰਾਇਵਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਗਿਆ ਕਿ ਸਾਡੇ ਕਾਫ਼ਲੇ ਨੂੰ ਲਾਡੀ ਸ਼ੇਰੋਵਾਲੀਆ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਜ਼ਬਰਦਸਤੀ ਰੋਕਿਆ। ਉਨ੍ਹਾਂ ਨੇ ਗੱਡੀ ਦੇ ਅੱਗੇ ਟਰੈਕਟਰ ਲਾ ਲਿਆ ਅਤੇ ਗੱਡੀ ਦੀ ਚਾਬੀ ਵੀ ਕੱਢ ਲੀ ਗਈ। ਸਰਕਾਰੀ ਕਾਫ਼ਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਉਧਰ ਵਿਧਾਇਕ ਲਾਡੀ ਸ਼ੇਰੋਵਾਲੀਆ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ ।
‘ਸ਼ਰੇਆਮ ਧੱਕੇਸ਼ਾਹੀ ਉਲਟਾ FIR ਦਰਜ’
ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦਾ ਵੀ FIR ਨੂੰ ਲੈਕੇ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਿਯਮਾਂ ਮੁਤਾਬਕ ਕਿਸੇ ਵੀ ਬਾਹਰੀ ਵਿਅਕਤੀ ਜਾਂ ਸਿਆਸਤਦਾਨ ਦੇ ਵੋਟਿੰਗ ਦੌਰਾਨ ਜਲੰਧਰ ਆਉਣ ‘ਤੇ ਰੋਕ ਸੀ। ਪਰ ਇਸ ਦੇ ਬਾਵਜੂਦ ਆਪ ਵਿਧਾਇਕ ਦਲਬੀਰ ਸਿੰਘ ਟੌਂਗ ਆਪਣੇ ਕਾਫਲੇ ਨਾਲ ਘੁੰਮ ਰਹੇ ਸਨ। ਜਦੋਂ ਸਾਨੂੰ ਇੱਕ ਕਾਫਲਾ ਨਜ਼ਰ ਆਇਆ ਤਾਂ ਅਸੀਂ ਉਨ੍ਹਾਂ ਨੂੰ ਰੋਕਿਆ ਅਤੇ ਪੁੱਛਿਆ ਤੁਸੀਂ ਵੋਟਿੰਗ ਦੌਰਾਨ ਇੱਥੇ ਕੀ ਕਰ ਰਹੇ ਹੋ ? ਲਾਡੀ ਸ਼ੇਵਾਲੀਆ ਨੇ ਕਿਹਾ ਸਾਨੂੰ ਪਤਾ ਸੀ ਕਿ ਸਰਕਾਰ ਸਾਡੇ ਖਿਲਾਫ਼ ਕੋਈ ਗਲਤ ਕੇਸ ਬਣਾ ਸਕਦੀ ਹੈ, ਇਸੇ ਲਈ ਅਸੀਂ ਲਾਈਵ ਹੋ ਕੇ ਸਾਰੀਆਂ ਤਸਵੀਰਾਂ ਨਸ਼ਰ ਕੀਤੀਆਂ ਅਤੇ SHO, SSP ਅਤੇ SP ਨੂੰ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਸਾਨੂੰ ਭਰੋਸਾ ਦਿੱਤਾ ਕਿ ਅਸੀਂ ਕਾਰਵਾਈ ਕਰਾਂਗੇ । ਪਰ ਜਦੋਂ ਮੈਂ ਉਨ੍ਹਾਂ ਕੋਲੋ FIR ਦੀ ਕਾਪੀ ਮੰਗੀ ਤਾਂ ਕਿਸੇ ਅਣਪਛਾਲੇ ਵਿਅਕਤੀ ਦੇ ਖਿਲਾਫ ਕੇਸ ਦਰਜ ਕੀਤਾ ਗਿਆ। ਜਦਕਿ ਮੈਂ ਮੌਕੇ ‘ਤੇ ਆਪਣਾ ਬਿਆਨ ਦਰਜ ਕਰਵਾਇਆ ਸੀ ਅਤੇ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਪੁਲਿਸ ਦੇ ਹਵਾਲੇ ਕੀਤਾ ਸੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਕਾਂਗਰਸ, ਅਕਾਲੀ ਦਲ ਅਤੇ ਬੀਜੇਪੀ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਅਧਿਕਾਰੀਆਂ ਅਤੇ ਜਲੰਧਰ ਵੋਟਿੰਗ ਦੌਰਾਨ ਆਪ ਦੇ ਬਾਹਰੀ ਵਿਧਾਇਕਾਂ ਦੀ ਮੌਜੂਦਗੀ ਖਿਲਾਫ਼ ਸ਼ਿਕਾਇਤ ਦਰਜ ਕੀਤੀ ਸੀ।
ਚੋਣ ਕਮਿਸ਼ਨ ਨੂੰ ਸ਼ਿਕਾਇਤ
ਜਲੰਧਰ ਜ਼ਿਮਨੀ ਚੋਣ ਵੇਲੇ ਆਪ ਦੇ ਹਲਕੇ ਤੋਂ ਬਾਹਰੀ ਵਿਧਾਇਕਾਂ ਦੀ ਮੌਜੂਦਗੀ ਨੂੰ ਲੈਕੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਈ ਵੀਡੀਓ ਨਸ਼ਰ ਕੀਤੀਆਂ ਸਨ। ਉਨ੍ਹਾਂ ਨੇ ਡੀਸੀ(DC), ਐੱਸਐੱਸਪੀ(SSP) ‘ਤੇ ਸਵਾਲ ਚੁੱਕ ਦੇ ਹੋਏ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਧੱਕੇਸ਼ਾਹੀ ਕਰਨ ਵਿੱਚ ਪੂਰੀ ਮਦਦ ਕੀਤੀ। ਇਸੇ ਲਈ ਇਸ ਦੀ ਸ਼ਿਕਾਇਤ ਮੁੱਖ ਚੋਣ ਕਮਿਸ਼ਨ ਕੋਲ ਸਾਰੀਆਂ ਪਾਰਟੀਆਂ ਨੂੰ ਕਰਨੀ ਚਾਹੀਦੀ ਹੈ।
ਮਜੀਠੀਆ ਨੇ ਪੰਜਾਬ ਚੋਣ ਕਮਿਸ਼ਨ ‘ਤੇ ਵੀ ਸਵਾਲ ਚੁੱਕੇ ਅਤੇ ਬੇਭਰੋਸਗੀ ਜਤਾਈ। ਉਨ੍ਹਾਂ ਨੇ ਆਪ ਦੇ ਸਾਰੇ ਵਿਧਾਇਕਾਂ ਦੀ 10 ਮਈ ਦੀ ਲੋਕੇਸ਼ਨ ਦੀ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਜਿਹੜੇ ਵੀ ਬਾਹਰੀ ਵਿਧਾਇਕ ਵੋਟਿੰਗ ਦੌਰਾਨ ਜਲੰਧਰ ਵਿੱਚ ਮੌਜੂਦ ਸਨ, ਉਨ੍ਹਾਂ ਖਿਲਾਫ਼ FIR ਦਰਜ ਕੀਤੀ ਜਾਵੇਂ। ਉਧਰ ਪੰਜਾਬ ਬੀਜੇਪੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਮੁੱਖ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਆਪ ਦੇ ਉਨ੍ਹਾਂ ਸਾਰੇ ਵਿਧਾਇਕਾਂ ਦੇ ਨਾਂ ਦਿੱਤੇ ਹਨ, ਜੋ ਜਲੰਧਰ ਜ਼ਿਮਨੀ ਚੋਣ ਵੇਲੇ ਹਲਕੇ ਵਿੱਚ ਮੌਜੂਦ ਸਨ। ਉਨ੍ਹਾਂ ਨੇ ਮੰਗ ਕੀਤੀ ਹੈ ਫੌਰਨ ਸਾਰੇ ਵਿਧਾਇਕਾਂ ਖਿਲਾ ਕਾਰਵਾਈ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਕਾਂਗਰਸ ਵੱਲੋਂ 10 ਮਈ ਵੋਟਿੰਗ ਵਾਲੇ ਦਿਨ ਹੀ ਮੁੱਖ ਚੋਣ ਕਮਿਸ਼ਨ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ ਸੀ। ਉਧਰ ਆਮ ਆਦਮੀ ਪਾਰਟੀ ਦਾ ਵੀ ਇਨ੍ਹਾਂ ਸਾਰੇ ਇਲਜ਼ਾਮਾਂ ‘ਤੇ ਜਵਾਬ ਸਾਹਮਣੇ ਆਇਆ ਸੀ।
ਆਮ ਆਦਮੀ ਪਾਰਟੀ ਦਾ ਇਲਜ਼ਾਮਾਂ ‘ਤੇ ਜਵਾਬ
ਆਮ ਆਦਮੀ ਪਾਰਟੀ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਦਾ ਵਿਰੋਧੀ ਧਿਰ ਦੇ ਇਨ੍ਹਾਂ ਇਲਜ਼ਾਮਾਂ ‘ਤੇ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਇੱਕ ਜਾਂ 2 ਵਿਧਾਇਕ ਹੋ ਸਕਦੇ ਵੋਟਿੰਗ ਵੇਲੇ ਨਜ਼ਰ ਆਏ ਹੋਣ ਪਰ ਉਹ ਜਲੰਧਰ ਦੇ ਰਸਤੇ ਤੋਂ ਕਿਸੇ ਹੋਰ ਥਾਂ ‘ਤੇ ਜਾ ਰਹੇ ਸਨ, ਵਿਰੋਧੀ ਧਿਰ ਆਪਣੀ ਹਾਰ ਨੂੰ ਵੇਖ ਦੇ ਹੋਏ ਬੇਬੁਨਿਆਦ ਇਲਜ਼ਾਮ ਲਗਾ ਰਿਹਾ ਹੈ। ਉਨ੍ਹਾਂ ਕਿਹਾ ਲੋਕਰਾਜ ਵਿੱਚ ਸਾਰੀਆਂ ਨੂੰ ਪ੍ਰਦਰਸ਼ਨ ਅਤੇ ਸ਼ਿਕਾਇਤ ਕਰਨ ਦਾ ਅਧਿਕਾਰ ਹੈ ।